ਸੁਰੱਖਿਆ ਉਪਾਅ

ਸੁਰੱਖਿਆ ਉਪਾਅ ਵਿਆਹੁਤਾ ਹਿੰਸਾ ਦੀਆਂ ਪੀੜਤ ਔਰਤਾਂ ਨੂੰ ਹਿੰਸਾ ਦੀ ਘਟਨਾ ਜਾਂ ਵੱਖ ਹੋਣ ਦੀ ਸਥਿਤੀ ਵਿੱਚ ਕਦਮ ਚੁੱਕਣ ਲਈ ਤਿਆਰ ਰਹਿਣ ਵਿੱਚ ਮਦਦ ਕਰਦੇ ਹਨ।

ਆਪਣੇ ਆਪ ਨੂੰ ਬਿਹਤਰ ਢੰਗ ਨਾਲ ਸੁਰੱਖਿਅਤ ਕਰਨ ਲਈ ਪਹਿਲਾਂ ਹੀ ਯੋਜਨਾ ਬਣਾਓ

ਵਿਆਹੁਤਾ ਹਿੰਸਾ ਕਰਕੇ ਪੀੜਤ ਔਰਤਾਂ ਨੂੰ ਵਾਰ-ਵਾਰ ਖ਼ਤਰੇ ਅਤੇ ਤਣਾਅ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹਨਾਂ ਸਥਿਤੀਆਂ ਵਿੱਚ ਸੁਰੱਖਿਆ ਉਪਾਅ ਉਹਨਾਂ ਦੀ ਆਪਣੀ ਰੱਖਿਆ ਕਰਨ ਵਿੱਚ ਮਦਦ ਕਰ ਸਕਦੇ ਹਨ।

ਸੁਰੱਖਿਆ ਉਪਾਅ ਵਿਆਹੁਤਾ ਹਿੰਸਾ ਦੀਆਂ ਪੀੜਤ ਔਰਤਾਂ ਦੁਆਰਾ ਪਛਾਣੇ ਅਤੇ ਲਾਗੂ ਕੀਤੇ ਗਏ ਉਪਾਅ ਹਨ ਤਾਂ ਜੋ ਉਹ ਕਿਸੇ ਘਟਨਾ ਨਾਲ ਸੰਬੰਧਿਤ ਜੋਖਮਾਂ ਦਾ ਸਾਹਮਣਾ ਕਰਨ ਲਈ ਕਦਮ ਚੁੱਕਣ ਲਈ ਤਿਆਰ ਹੋਣ। ਉਹ ਔਰਤਾਂ ਨੂੰ ਉਹਨਾਂ ਗਤੀਵਿਧੀਆਂ ਦੀ ਯੋਜਨਾ ਬਣਾਉਣ ਦੇ ਕਾਬਲ ਬਣਾਉਂਦੇ ਹਨ ਜੋ ਸੰਕਟ ਦੇ ਸਮੇਂ ਉਹਨਾਂ ਦੀ ਸੁਰੱਖਿਆ ਦੇ ਕੰਮ ਆਉਂਦੀਆਂ ਹਨ।

ਸੁਰੱਖਿਆ ਉਪਾਅ ਸਥਾਪਤ ਕਰਨੇ

ਸੁਰੱਖਿਆ ਉਪਾਅ ਸਥਾਪਤ ਕਰਨ ਲਈ ਸਭ ਤੋਂ ਪਹਿਲਾਂ ਸੰਭਾਵੀ ਤੌਰ ‘ਤੇ ਖਤਰਨਾਕ ਸਥਿਤੀ ਜਾਂ ਫੈਸਲੇ ਨਾਲ ਸੰਬੰਧਿਤ ਜੋਖਮਾਂ ਦੀ ਪਛਾਣ ਕਰਨੀ ਜ਼ਰੂਰੀ ਹੈ। ਇਹਨਾਂ ਵਿੱਚੋਂ ਹਰੇਕ ਜੋਖਮ ਲਈ ਅਗਲਾ ਕਦਮ ਇਹ ਨਿਰਧਾਰਤ ਕਰਨਾ ਹੈ ਕਿ ਕਿਹੜੇ ਸਾਧਨ ਸੰਭਾਵਤ ਤੌਰ ‘ਤੇ ਉਹਨਾਂ ਜੋਖਮਾਂ ਨੂੰ ਘੱਟ ਕਰਨਗੇ।

ਸਫਲ ਹੋਣ ਲਈ ਸੁਰੱਖਿਆ ਉਪਾਵਾਂ ਨੂੰ ਹਮੇਸ਼ਾ ਉਸ ਵਿਅਕਤੀ ਦੀ ਅਸਲੀਅਤ ਨਾਲ ਜੋੜਨਾ ਚਾਹੀਦਾ ਹੈ ਜਿਸ ਲਈ ਇਹ ਸਥਾਪਿਤ ਕੀਤੇ ਗਏ ਹਨ। ਜਦੋਂ ਉਹ ਸੋਚਦੀ ਅਤੇ ਉਪਾਅ ਲੱਭਦੀ ਹੈ, ਤਾਂ ਦੋਸਤ, ਪਰਿਵਾਰਕ ਮੈਂਬਰ ਜਾਂ ਪੀੜਤ ਵਕੀਲ ਪੀੜਤ ਔਰਤ ਦੀ ਮਦਦ ਕਰ ਸਕਦੇ ਹਨ। ਪਰ ਉਨ੍ਹਾਂ ਨੂੰ ਲਾਗੂ ਕਰਨਾ ਉਸ ਦੀ ਆਪਣੀ ਜ਼ਿੰਮੇਵਾਰੀ ਹੈ।

ਸੁਰੱਖਿਆ ਉਪਾਵਾਂ ਦੀਆਂ ਕੁਝ ਉਦਾਹਰਨਾਂ

  • ਅਜਿਹੀ ਜਗ੍ਹਾ ਬਾਰੇ ਸੋਚੋ ਜਿੱਥੇ ਤੁਹਾਨੂੰ ਪਨਾਹ ਮਿਲ ਸਕਦੀ ਹੈ (ਕਿਸੇ ਦੋਸਤ, ਪਰਿਵਾਰ ਦੇ ਮੈਂਬਰ ਜਾਂ ਗੁਆਂਢੀ ਦੇ ਘਰ ਜਾਂ ਔਰਤਾਂ ਦੇ ਸ਼ੈਲਟਰ ਵਿਚ)।
  • ਇੱਕ ਬੈਗ ਤਿਆਰ ਕਰੋ ਜਿਸ ਵਿਚ ਤੁਹਾਡੀਆਂ ਅਤੇ ਤੁਹਾਡੇ ਬੱਚਿਆਂ ਦੀਆਂ ਨਿੱਜੀ ਚੀਜ਼ਾਂ (ਕੱਪੜੇ, ਘਰ ਦੀਆਂ ਚਾਬੀਆਂ, ਪੈਸੇ, ਜ਼ਰੂਰੀ ਦਸਤਾਵੇਜ਼ ਆਦਿ) ਹੋਣ ਅਤੇ ਆਪਣੇ ਸਾਥੀ ਦੀ ਫ਼ੋਟੋ ਰੱਖੋ ਤਾਂਕਿ ਲੋੜ ਪੈਣ ‘ਤੇ ਪੁਲਿਸ ਨੂੰ ਉਸ ਦੀ ਪਛਾਣ ਕਰਾਈ ਜਾ ਸਕੇ।
  • ਬੈਗ ਨੂੰ ਕਿਸੇ ਸੁਰੱਖਿਅਤ ਅਤੇ ਗੁਪਤ ਥਾਂ ‘ਤੇ ਰੱਖੋ (ਪਰਿਵਾਰ ਦੇ ਕਿਸੇ ਮੈਂਬਰ, ਦੋਸਤ ਜਾਂ ਗੁਆਂਢੀ ਦੇ ਘਰ, ਕਿਸੇ ਸ਼ੈਲਟਰ ਆਦਿ ਵਿੱਚ)।
  • ਉਸ ਵਿਅਕਤੀ ਨੂੰ ਦੱਸੋ ਜਿਸ ‘ਤੇ ਤੁਸੀਂ ਭਰੋਸਾ ਕਰਦੇ ਹੋ (ਦੋਸਤ, ਸਹਿਕਰਮੀ, ਪੀੜਤ ਵਕੀਲ ਆਦਿ)।
  • ਕਿਸੇ ਹੋਰ ਪਤੇ ‘ਤੇ ਰਜਿਸਟਰਡ ਇੱਕ ਵੱਖਰਾ ਬੈਂਕ ਖਾਤਾ ਖੋਲ੍ਹੋ।
  • ਘਰ ਛੱਡਣ ਦਾ ਕੋਈ ਕਾਰਨ ਸੋਚ ਕੇ ਰੱਖੋ।
  • ਬੱਸ ਜਾਂ ਟੈਕਸੀ ਲੈਣ ਲਈ ਹੱਥ ਵਿੱਚ ਪੈਸੇ ਰੱਖਣ ਦੀ ਯੋਜਨਾ ਬਣਾਓ।
  • ਬੱਚਿਆਂ ਨੂੰ ਉਪਾਅ ਸਮਝਾਓ, ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ ਗੱਲਾਂ ਦੱਸੋ।

  • ਯਕੀਨੀ ਬਣਾਓ ਕਿ ਤੁਹਾਡੇ ਕੋਲ ਆਪਣਾ ਜ਼ਰੂਰੀ ਨਿੱਜੀ ਸਮਾਨ, ਆਪਣੇ ਬੱਚਿਆਂ ਦਾ ਸਮਾਨ ਅਤੇ ਬੱਸ ਜਾਂ ਟੈਕਸੀ ਦੇ ਕਿਰਾਏ ਲਈ ਪੈਸੇ ਹਨ।
  • ਘਰ ਦੇ ਨਕਸ਼ੇ ਨੂੰ ਧਿਆਨ ਵਿੱਚ ਰੱਖੋ: ਉਹਨਾਂ ਕਮਰਿਆਂ ਤੋਂ ਦੂਰ ਰਹੋ ਜਿੱਥੇ ਤੁਸੀਂ ਫਸ ਸਕਦੇ ਹੋ ਜਾਂ ਜਿਨ੍ਹਾਂ ਵਿੱਚ ਚਾਕੂ ਜਾਂ ਹਥਿਆਰ ਹਨ ਅਤੇ ਉਹਨਾਂ ਥਾਵਾਂ ਦੀ ਪਛਾਣ ਕਰੋ ਜਿੱਥੇ ਤੁਸੀਂ ਜਾ ਕੇ ਬਚ ਸਕਦੇ ਹੋ।
  • ਇੱਕ ਸੁਰੱਖਿਅਤ ਥਾਂ ਦੀ ਚੋਣ ਕਰੋ ਜਿੱਥੇ ਤੁਸੀਂ ਪਨਾਹ ਲੈ ਸਕਦੇ ਹੋ (ਤੁਹਾਡੇ ਭਰੋਸੇਮੰਦ ਵਿਅਕਤੀ ਦੇ ਘਰ ਜਾਂ ਜਨਤਕ ਥਾਂ ਵਿੱਚ।
  • ਆਪਣੇ ਬੱਚਿਆਂ ਨੂੰ ਦੱਸੋ ਕਿ ਐਮਰਜੈਂਸੀ ਦੀ ਸਥਿਤੀ ਵਿੱਚ ਉਹਨਾਂ ਨੂੰ ਕੀ ਕਰਨ ਦੀ ਲੋੜ ਹੈ: ਜਲਦੀ ਕੱਪੜੇ ਪਾਓ, ਦਰਵਾਜ਼ੇ ਦੇ ਨੇੜੇ ਰਹੋ, ਪੁਲਿਸ ਨੂੰ ਕਾਲ ਕਰੋ, ਕਿਸੇ ਗੁਆਂਢੀ ਦੇ ਘਰ ਪਨਾਹ ਲਓ ਆਦਿ।

  • ਕੁਝ ਆਦਤਾਂ ਨੂੰ ਬਦਲੋ।
  • ਜੇਕਰ ਸੰਭਵ ਹੋਵੇ, ਤਾਂ ਆਪਣਾ ਨਵਾਂ ਪਤਾ ਗੁਪਤ ਰੱਖੋ।
  • ਆਪਣੇ ਸਾਬਕਾ ਸਾਥੀ ਨੂੰ ਘਰ ਵਿੱਚ ਦਾਖਲ ਹੋਣ ਤੋਂ ਰੋਕੋ, ਜਿੰਨਾ ਹੋ ਸਕੇ, ਉਸ ਦੀ ਮੌਜੂਦਗੀ ਵਿੱਚ ਘੱਟ ਤੋਂ ਘੱਟ ਸਮੇਂ ਲਈ ਰਹੋ ਅਤੇ ਉਸ ਨਾਲ ਗੱਲ ਕਰਨ ਤੋਂ ਬਚੋ।
  • ਯਕੀਨੀ ਬਣਾਓ ਕਿ ਤੁਸੀਂ ਜ਼ਰੂਰੀ ਦਸਤਾਵੇਜ਼ਾਂ ਤੱਕ ਆਸਾਨੀ ਨਾਲ ਪਹੁੰਚ ਕਰ ਸਕਦੇ ਹੋ ਕਿਉਂਕਿ ਭਵਿੱਖ ਵਿਚ ਹੋਰ ਕੰਮਾਂ (ਇਮੀਗ੍ਰੇਸ਼ਨ, ਤਲਾਕ, ਬੱਚਿਆਂ ਦੀ ਕਸਟਡੀ, ਆਦਿ) ਲਈ ਉਹ ਉਪਯੋਗੀ ਸਾਬਤ ਹੋ ਸਕਦੇ ਹਨ।

ਜੇਕਰ ਤੁਹਾਡਾ ਪਿੱਛਾ ਕੀਤਾ ਜਾ ਰਿਹਾ ਹੈ

  • ਜਨਤਕ ਥਾਵਾਂ ਜਾਂ ਭੀੜ-ਭੜੱਕੇ ਗਲੀਆਂ ਵਿੱਚ ਰਹੋ।
  • ਹਰ ਸਮੇਂ ਆਪਣੇ ਕੋਲ ਇੱਕ ਸੈਲ ਫ਼ੋਨ ਰੱਖੋ ਅਤੇ ਲੋੜ ਪੈਣ ‘ਤੇ ਪੁਲਿਸ ਨੂੰ ਕਾਲ ਕਰੋ।

ਜੇਕਰ ਤੁਹਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ

  • ਫ਼ੋਨ ਕਾਲਾਂ, ਚਿੱਠੀਆਂ ਅਤੇ ਈ-ਮੇਲਾਂ ਦਾ ਰਿਕਾਰਡ ਰੱਖੋ।
  • ਆਪਣੇ ਗੁਆਂਢੀਆਂ, ਸਕੂਲ ਅਤੇ ਡੇ-ਕੇਅਰ ਸੈਂਟਰ ਨੂੰ ਦੱਸੋ।
  • ਜੇਕਰ ਲੋੜ ਹੋਵੇ, ਤਾਂ ਆਪਣਾ ਫ਼ੋਨ ਨੰਬਰ ਬਦਲੋ, ਆਪਣੇ ਬੱਚਿਆਂ ਨੂੰ ਕਿਸੇ ਹੋਰ ਸਕੂਲ ਭੇਜੋ।

ਜੇਕਰ ਤੁਹਾਨੂੰ ਆਪਣੀ ਸੁਰੱਖਿਆ ਦਾ ਡਰ ਹੈ, ਤਾਂ 911
‘ਤੇ ਪੁਲਿਸ ਨੂੰ ਜਾਂ 514-873-9010 ਜਾਂ 1 800-363-9010 ‘ਤੇ SOS violence conjugale ਫੋਨ ਕਰਨ ਤੋਂ ਝਿਜਕੋ ਨਾ।
ਇਹ ਸੇਵਾਵਾਂ ਹਮੇਸ਼ਾ ਉਪਲਬਧ ਹੁੰਦੀਆਂ ਹਨ।