ਵਿਆਹੁਤਾ ਹਿੰਸਾ ਦੇ ਨਤੀਜੇ
ਭਾਵੇਂ ਇਹ ਕੋਈ ਵੀ ਰੂਪ ਲੈ ਲਵੇ, ਵਿਆਹੁਤਾ ਹਿੰਸਾ ਬਦਸਲੂਕੀ ਦੀਆਂ ਸ਼ਿਕਾਰ ਔਰਤਾਂ ਦੀ ਮਾਨਸਿਕ ਅਤੇ ਸਰੀਰਕ ਸਿਹਤ ‘ਤੇ ਕਈ ਵਾਰ ਪੱਕੇ ਤੌਰ ਤੇ ਆਪਣੀ ਛਾਪ ਛੱਡਦੀ ਹੈ।
ਭਾਵਨਾਤਮਕ ਪੀੜ
ਵਿਆਹੁਤਾ ਹਿੰਸਾ ਬਦਸਲੂਕੀ ਦੀਆਂ ਸ਼ਿਕਾਰ ਔਰਤਾਂ ਦੇ ਮਨੋਵਿਗਿਆਨਕ ਸੰਤੁਲਨ ਅਤੇ ਤੰਦਰੁਸਤੀ ਨੂੰ ਬਦਲ ਦਿੰਦੀ ਹੈ। ਦੂਸਰਿਆਂ ਤੋਂ ਵਾਰ-ਵਾਰ ਅਲੱਗ-ਥਲੱਗ ਕੀਤੇ ਜਾਣ ਕਰਕੇ, ਡਰਾਏ ਜਾਣ ਕਰਕੇ ਜਾਂ ਅਪਮਾਨਿਤ ਕੀਤੇ ਜਾਣ ਕਰਕੇ ਔਰਤਾਂ ਅਕਸਰ ਪੋਸਟ-ਟਰਾਮੈਟਿਕ ਤਣਾਅ ਜਾਂ ਡਿਪਸੈਸ਼ਨ ਦੀਆਂ ਸ਼ਿਕਾਰ ਹੋ ਜਾਂਦੀਆਂ ਹਨ ਜਿਸ ਦੇ ਲੱਛਣ ਬਹੁਤ ਵੱਖਰੇ-ਵੱਖਰੇ ਹੋ ਸਕਦੇ ਹਨ: ਮਾਨਸਿਕ ਪੀੜ, ਚਿੰਤਾ ਜਾਂ ਘਬਰਾਹਟ ਦੇ ਹਮਲੇ, ਚਿੰਤਾ, ਨਸਾਂ ਵਿਚ ਤਣਾਅ, ਚਿੜਚਿੜਾਪਨ, ਡਰ, ਉਦਾਸੀ, ਨਿਰਾਸ਼ਾ, ਸ਼ਰਮ, ਗੁੱਸਾ, ਲਾਚਾਰੀ ਦੀ ਭਾਵਨਾ, ਅਸੁਰੱਖਿਆ ਜਾਂ ਦੋਸ਼ੀ ਮਹਿਸੂਸ ਕਰਨਾ, ਸਵੈ-ਵਿਸ਼ਵਾਸ ਅਤੇ ਸਵੈ-ਮਾਣ ਖਤਮ ਹੋਣਾ, ਆਪਣੇ ਆਪ ਵਿਚ ਰਹਿਣਾ, ਕੁਝ ਵੀ ਕਰਨਾ ਦਾ ਮਨ ਨਾ ਕਰਨਾ ਆਦਿ।
ਮਨ ਵਿਚ ਗੁੱਸਾ ਭਰਿਆ ਹੋਣ ਕਰਕੇ ਕਈ ਵਾਰ ਔਰਤਾਂ ਵਿਨਾਸ਼ਕਾਰੀ ਰਵੱਈਆ (ਦਵਾਈਆਂ ‘ਤੇ ਹਾਨੀਕਾਰਕ ਨਿਰਭਰਤਾ, ਜ਼ਿਆਦਾ ਡਰੱਗ ਜਾਂ ਸ਼ਰਾਬ ਦੀ ਵਰਤੋਂ, ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣਾ, ਆਤਮ-ਹੱਤਿਆ ਦੀਆਂ ਕੋਸ਼ਿਸ਼ਾਂ ਆਦਿ) ਅਖਤਿਆਰ ਕਰ ਲੈਂਦੀਆਂ ਹਨ।
ਸਿਹਤ ਸਮੱਸਿਆਵਾਂ
ਵਿਆਹੁਤਾ ਹਿੰਸਾ ਦੇ ਚੱਕਰ ਕਰਕੇ ਕਾਇਮ ਹੋਈ ਅਸਥਿਰਤਾ ਅਤੇ ਤਣਾਅ ਦੇ ਬਦਸਲੂਕੀ ਦੀਆਂ ਸ਼ਿਕਾਰ ਔਰਤਾਂ ਦੇ ਸਰੀਰ ‘ਤੇ ਬਹੁਤ ਅਸਰ ਪੈ ਸਕਦਾ ਹੈ: ਨੀਂਦ, ਪਾਚਨ ਜਾਂ ਖਾਣ-ਪੀਣ ਦੀਆਂ ਸਮੱਸਿਆਵਾਂ, ਐਲਰਜੀ, ਮਾਸਪੇਸ਼ੀਆਂ ਵਿੱਚ ਦਰਦ, ਸਿਰ ਦਰਦ, ਚਮੜੀ ਦੀਆਂ ਸਮੱਸਿਆਵਾਂ, ਸਰੀਰ ਵਿਚ ਜਾਨ ਨਾ ਹੋਣੀ, ਥਕਾਵਟ, ਕਮਜੋਰ ਇਮਿਊਨ ਸਿਸਟਮ, ਮਾਹਵਾਰੀ ਦੀਆਂ ਸਮੱਸਿਆਵਾਂ, ਸਰੀਰ ਕੰਬਣਾ, ਹਾਈਪਰਟੈਨਸ਼ਨ, ਸਮਝ ਨਾ ਆਉਣਾ ਕਿ ਕੋਈ ਕੰਮ ਕਿਵੇਂ ਕਰਨਾ ਆਦਿ।
ਸਰੀਰਕ ਸੱਟਾਂ
ਸਰੀਰਕ ਵਿਆਹੁਤਾ ਹਿੰਸਾ ਪੀੜਤ ਔਰਤ ਦੀ ਸਰੀਰਕ ਅਖੰਡਤਾ ਨੂੰ ਨੁਕਸਾਨ ਪਹੁੰਚਾਉਂਦੀ ਹੈ। ਹਿੰਸਾ ਕਰਕੇ ਉਨ੍ਹਾਂ ਦੇ ਸੱਟਾਂ ਲੱਗ ਸਕਦੀਆਂ, ਦੰਦ ਟੁੱਟ ਸਕਦੇ, ਫ੍ਰੈਕਚਰ ਹੋ ਸਕਦਾ, ਅੱਗ ਨਾਲ ਸੜ ਸਕਦੀਆਂ, ਦਿਮਾਗ ਵਿਚ ਸੱਟ ਲੱਗ ਸਕਦੀ, ਅੰਦਰੂਨੀ ਖੂਨ ਵਹਿ ਸਕਦਾ। ਕੁਝ ਸੱਟਾਂ ਬਹੁਤ ਗੰਭੀਰ ਹੋ ਸਕਦੀਆਂ ਹਨ। ਇਨ੍ਹਾਂ ਸੱਟਾਂ ਦਾ ਕਈ ਵਾਰ ਲੰਬੇ ਸਮੇਂ ਤਕ ਅਸਰ ਰਹਿੰਦਾ ਜਾਂ ਇਹ ਪੱਕੇ ਤੌਰ ਅਪਾਹਜ ਕਰ ਸਕਦੀਆਂ ਅਤੇ ਮੌਤ ਵੀ ਹੋ ਸਕਦੀ ਹੈ।
ਪਰਿਵਾਰ ਅਤੇ ਦੋਸਤਾਂ ਨਾਲ ਬਦਲੇ ਹੋਏ ਰਿਸ਼ਤੇ
ਵਿਆਹੁਤਾ ਹਿੰਸਾ ਅਕਸਰ ਪਰਿਵਾਰ ਜਾਂ ਦੋਸਤਾਂ ਨਾਲ ਤਣਾਅ ਦਾ ਕਾਰਨ ਬਣਦੀ ਹੈ ਅਤੇ ਇਹ ਪੀੜਤ ਔਰਤਾਂ ਦੇ ਸਮਾਜਿਕ ਸੰਬੰਧਾਂ ਨੂੰ ਪ੍ਰਭਾਵਤ ਕਰਦੀ ਹੈ। ਉਹ ਆਪਣੇ ਪਰਿਵਾਰ ਅਤੇ ਦੋਸਤਾਂ ਦਾ ਵਿਸ਼ਵਾਸ ਅਤੇ ਸਨਮਾਨ ਗੁਆ ਸਕਦੀ ਹੈ ਜਿਸ ਦੇ ਨਤੀਜੇ ਵਜੋਂ ਕਦੇ-ਕਦੇ ਉਸ ਦਾ ਉਨ੍ਹਾਂ ਨਾਲੋਂ ਰਿਸ਼ਤਾ ਪੂਰੀ ਤਰ੍ਹਾਂ ਟੁੱਟ ਜਾਵੇ।
ਸ਼ਰਮ, ਦੋਸ਼, ਸ਼ਰਮਿੰਦਗੀ, ਡਰ, ਅਸੁਰੱਖਿਆ, ਅਵਿਸ਼ਵਾਸ ਜਾਂ ਇੱਥੋਂ ਤੱਕ ਕਿ ਆਪਣੀ ਹਾਲਤ ਨੂੰ ਕਬੂਲ ਕਰ ਲੈਣ ਕਰਕੇ ਕੁਝ ਔਰਤਾਂ ਆਪਣੇ ਸਮਾਜਿਕ ਦਾਇਰੇ ਤੋਂ ਦੂਰ ਰਹਿਣ ਦਾ ਫੈਸਲਾ ਕਰ ਸਕਦੀਆਂ ਹਨ। ਆਪਣੀ ਹਾਲਤ ਕਰਕੇ ਜਦੋਂ ਉਨ੍ਹਾਂ ਨੂੰ ਹੋਰ ਜਗ੍ਹਾ ਜਾਣਾ ਪੈਂਦਾ ਹੈ ਤੇ ਆਪਣੀਆਂ ਗਤੀਵਿਧੀਆਂ ਨੂੰ ਬਦਲਣਾ ਪੈਂਦਾ ਹੈ, ਤਾਂ ਇਸ ਕਰਕੇ ਵੀ ਉਹਨਾਂ ਦਾ ਸਮਾਜਿਕ ਜੀਵਨ ਕਾਫ਼ੀ ਹੱਦ ਤੱਕ ਬਦਲ ਸਕਦਾ ਹੈ।
ਬੱਚਿਆਂ ਨਾਲ ਬਦਲੇ ਹੋਏ ਰਿਸ਼ਤੇ
ਵਿਆਹੁਤਾ ਹਿੰਸਾ ਦੀਆਂ ਸਥਿਤੀਆਂ ਵਿੱਚ ਕੰਟ੍ਰੋਲ ਕਰਨ ਵਾਲੇ ਵਿਅਕਤੀ ਆਪਣੇ ਪਰਿਵਾਰ ਉੱਤੇ ਪੂਰਾ ਦਬਦਬਾ ਬਣਾ ਲੈਂਦਾ ਹੈ, ਜਦ ਕਿ ਬਦਸਲੂਕੀ ਦੀ ਸ਼ਿਕਾਰ ਔਰਤ ਦਾ ਬਿਲਕੁਲ ਵੀ ਜੋਰ ਨਹੀਂ ਚੱਲਦਾ। ਇਸ ਅਸੰਤੁਲਨ ਦਾ ਬੱਚਿਆਂ ਅਤੇ ਕਿਸ਼ੋਰਾਂ ‘ਤੇ ਵੱਡਾ ਪ੍ਰਭਾਵ ਪੈਂਦਾ ਹੈ ਜੋ ਅਕਸਰ ਪੀੜਤ ਔਰਤ ਦੇ ਅਧਿਕਾਰ ਨੂੰ ਰੱਦ ਕਰਕੇ ਆਪਣੀ ਪ੍ਰਤੀਕਿਰਿਆ ਜਾਹਰ ਕਰਦੇ ਹਨ। ਇਸ ਅਸੰਤੁਲਨ ਕਰਕੇ ਕੁਝ ਬੱਚੇ ਆਪਣੀ ਮਾਂ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਵੀ ਮਹਿਸੂਸ ਕਰਦੇ ਹਨ ਜੋ ਉਨ੍ਹਾਂ ਲਈ ਬਹੁਤ ਖਤਰਨਾਕ ਸਾਬਤ ਹੋ ਸਕਦੀ ਹੈ।
ਆਰਥਿਕ ਅਸੁਰੱਖਿਆ, ਗਰੀਬੀ ਅਤੇ ਸਮਾਜਿਕ ਬੇਦਖਲੀ
ਵਿਆਹੁਤਾ ਹਿੰਸਾ ਪੀੜਤ ਔਰਤ ਦੀ ਆਰਥਿਕ ਸੁਰੱਖਿਆ ਨੂੰ ਪ੍ਰਭਾਵਿਤ ਕਰਦੀ ਹੈ। ਉਸ ਲਈ ਨੌਕਰੀ ਕਰਨੀ ਮੁਸ਼ਕਲ ਹੋ ਸਕਦੀ ਹੈ, ਉਹ ਆਪਣੀ ਨੌਕਰੀ ਗੁਆ ਸਕਦੀ ਹੈ ਜਾਂ ਉਸ ਨੂੰ ਕਾਨੂੰਨੀ, ਦੂਸਰੀ ਜਗ੍ਹਾ ਜਾਣ, ਡਾਕਟਰੀ ਇਲਾਜ ਅਤੇ ਹਸਪਤਾਲ ਵਿੱਚ ਦਾਖਲ ਹੋਣ ਦੇ ਖਰਚਿਆਂ ਨਾਲ ਨਜਿੱਠਣਾ ਪੈ ਸਕਦਾ ਹੈ; ਪੈਸਾ ਇੱਕ ਵੱਡੀ ਸਮੱਸਿਆ ਬਣ ਜਾਂਦਾ ਹੈ। ਭਾਵੇਂ ਉਹਨਾਂ ਦਾ ਅਸਲ ਸਮਾਜਿਕ ਰੁਤਬਾ ਜਾਂ ਉਹਨਾਂ ਦੀ ਪੜ੍ਹਾਈ ਜੋ ਮਰਜੀ ਹੋਵੇ, ਵਿਆਹੁਤਾ ਹਿੰਸਾ ਨਾਲ ਪੀੜਤ ਔਰਤਾਂ ਖਾਸ ਤੌਰ ਤੇ ਗਰੀਬੀ ਦੀਆਂ ਸ਼ਿਕਾਰ ਹੁੰਦੀਆਂ ਹਨ। ਕੁਝ ਸ਼ਾਇਦ ਆਪਣੇ ਆਪ ਨੂੰ ਨੌਕਰੀ ਦੇ ਬਾਜ਼ਾਰ ਤੋਂ ਪੂਰੀ ਤਰ੍ਹਾਂ ਬਾਹਰ ਪਾਉਣ ਅਤੇ ਲੰਬੇ ਸਮੇਂ ਲਈ ਬੇਘਰ ਹੋ ਜਾਣ।
ਸਮਾਜਿਕ ਕੀਮਤਾਂ
ਵਿਆਹੁਤਾ ਹਿੰਸਾ ਸਮਾਜਿਕ ਕਲਿਆਣ ਸਿਸਟਮ ‘ਤੇ ਬਹੁਤ ਦਬਾਅ ਪਾਉਂਦੀ ਹੈ, ਨਤੀਜੇ ਵਜੋਂ ਸਾਡੇ ਭਾਈਚਾਰੇ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ: ਜਨਤਕ ਸੁਰੱਖਿਆ ਸੇਵਾਵਾਂ ਦੀ ਲਾਗਤ, ਸਿਵਲ ਅਤੇ ਅਪਰਾਧਿਕ ਮਾਮਲਿਆਂ ਵਿਚ ਕਾਨੂੰਨੀ ਕਾਰਵਾਈ ਦੀ ਲਾਗਤ, ਸਿਹਤ ਪ੍ਰਣਾਲੀ ਅਤੇ ਸਮਾਜਿਕ ਸੇਵਾਵਾਂ ਦੇ ਖਰਚੇ, ਰੁਜ਼ਗਾਰ ਬੀਮਾ ਅਤੇ ਆਮਦਨ ਸੁਰੱਖਿਆ ਲਾਭ ਆਦਿ
ਕੰਮ ਉੱਤੇ ਰੱਖਣ ਵਾਲਿਆਂ ਨੂੰ ਪੀੜਤ ਔਰਤਾਂ ‘ਤੇ ਵਿਆਹੁਤਾ ਹਿੰਸਾ ਦੇ ਪ੍ਰਭਾਵਾਂ ਨਾਲ ਵੀ ਨਜਿੱਠਣਾ ਪੈਂਦਾ ਹੈ: ਗੈਰਹਾਜ਼ਰੀ, ਕੰਮ ਵਧੀਆ ਤਰੀਕੇ ਨਾਲ ਨਾ ਕਰਨਾ, ਹੁਨਰ ਦਾ ਨੁਕਸਾਨ, ਗਰੁੱਪ ਬੀਮਾ ਲਾਗਤਾਂ ਵਿੱਚ ਵਾਧਾ ਆਦਿ।
ਜੇਕਰ ਤੁਹਾਨੂੰ ਆਪਣੀ ਸੁਰੱਖਿਆ ਦਾ ਡਰ ਹੈ, ਤਾਂ 911
‘ਤੇ ਪੁਲਿਸ ਨੂੰ ਜਾਂ 514-873-9010 ਜਾਂ 1 800-363-9010 ‘ਤੇ SOS violence conjugale ਫੋਨ ਕਰਨ ਤੋਂ ਝਿਜਕੋ ਨਾ।
ਇਹ ਸੇਵਾਵਾਂ ਹਮੇਸ਼ਾ ਉਪਲਬਧ ਹੁੰਦੀਆਂ ਹਨ।