ਅਪਰਾਧਿਕ ਕਾਨੂੰਨ

ਕੈਨੇਡਾ ਵਿੱਚ ਅਪਰਾਧਿਕ ਕਾਨੂੰਨ ਉਹਨਾਂ ਸਾਰੇ ਕੰਮਾਂ ਦੀ ਮਨਾਹੀ ਕਰਦਾ ਹੈ ਜੋ ਸਾਡੇ ਸਮਾਜ ਦੀਆਂ ਬੁਨਿਆਦੀ ਕਦਰਾਂ-ਕੀਮਤਾਂ ਦੇ ਉਲਟ ਹਨ। ਕ੍ਰਿਮੀਨਲ ਕੋਡ ਵਿੱਚ ਅਪਰਾਧਕ ਜੁਰਮਾਂ ਬਾਰੇ ਦੱਸਿਆ ਗਿਆ ਹੈ।

Maison Secours aux Femmes ਵਿਆਹੁਤਾ ਹਿੰਸਾ ਦੀਆਂ ਸ਼ਿਕਾਰ ਔਰਤਾਂ ਦੀ ਅਪਰਾਧਿਕ ਜੁਰਮਾਂ ਦੀ ਪਛਾਣ ਕਰਨ ਅਤੇ ਉਹਨਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਿੱਚ ਮਦਦ ਕਰਦੀ ਹੈ। ਸ਼ੈਲਟਰ ਦੇ ਵਕੀਲ ਉਹਨਾਂ ਨੂੰ ਕਾਨੂੰਨੀ ਪ੍ਰਕਿਰਿਆ ਬਾਰੇ ਜਾਣਕਾਰੀ ਅਤੇ ਸਹਾਇਤਾ ਪ੍ਰਦਾਨ ਕਰਦੇ ਹਨ।

ਵਿਆਹੁਤਾ ਰਿਸ਼ਤੇ ਵਿੱਚ ਅਪਰਾਧਿਕ ਜੁਰਮ

ਕਾਨੂੰਨ ਦੁਆਰਾ ਵਿਆਹੁਤਾ ਹਿੰਸਾ ਦੀਆਂ ਕਈ ਕਿਸਮਾਂ ਨੂੰ ਅਪਰਾਧ ਮੰਨਿਆਂ ਗਿਆ ਹੈ। ਇੱਥੇ ਕੁਝ ਉਦਾਹਰਣਾਂ ਹਨ:

  • ਹਮਲਾ (ਸਰੀਰਕ ਹਿੰਸਾ)
  • ਧਮਕੀਆਂ (ਸਰੀਰਕ ਅਖੰਡਤਾ ਨੂੰ ਖਤਰੇ, ਧਮਕੀਆਂ ਆਦਿ)
  • ਪਰੇਸ਼ਾਨੀ (ਪਿੱਛਾ ਕਰਨਾ, ਤੰਗ ਕਰਨ ਲਈ ਫ਼ੋਨ ਕਰਨਾ ਆਦਿ)
  • ਅਗਵਾ ਅਤੇ ਜ਼ਬਰਦਸਤੀ ਕੈਦ ਕਰਨਾ
  • ਜ਼ਬਰਦਸਤੀ ਅੰਦਰ ਵੜਨਾ
  • ਜਿਨਸੀ ਹਮਲਾ
  • ਜਾਇਦਾਦ ਜਾਂ ਪੈਸੇ ਦੀ ਚੋਰੀ
  • ਜ਼ਬਰਦਸਤੀ ਪੈਸੇ ਲੈਣੇ

ਅਪਰਾਧਿਕ ਜੁਰਮ ਕਾਨੂੰਨ ਰਾਹੀਂ ਸਜ਼ਾਯੋਗ ਹਨ।

ਕਾਨੂੰਨੀ ਕਾਰਵਾਈਆਂ

ਅਪਰਾਧਿਕ ਜੁਰਮ ਦੀ ਸ਼ਿਕਾਰ ਹੋਈ ਔਰਤ ਆਪਣੇ ਸਾਥੀ ਜਾਂ ਸਾਬਕਾ ਸਾਥੀ ਦੇ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਸਕਦੀ ਹੈ। ਕੋਈ ਤੀਜੀ ਧਿਰ (ਇੱਕ ਪਰਿਵਾਰਕ ਮੈਂਬਰ, ਨਜ਼ਦੀਕੀ ਦੋਸਤ ਜਾਂ ਗੁਆਂਢੀ ਆਦਿ) ਦੁਆਰਾ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।

ਸ਼ਿਕਾਇਤ ਕਿਸੇ ਵੀ ਅਪਰਾਧਿਕ ਕਾਰਵਾਈ ਵਿਚ ਅਹਿਮ ਸ਼ੁਰੂਆਤੀ ਕਦਮ ਹੁੰਦਾ ਹੈ। ਇੱਕ ਵਾਰ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਇਸ ਨੂੰ ਬਦਲਿਆ ਨਹੀਂ ਜਾ ਸਕਦਾ। ਇਸ ਲਈ ਇਸ ਨੂੰ ਲਿਖਣ ਲਈ ਸਮਾਂ ਕੱਢਣਾ ਮਹੱਤਵਪੂਰਨ ਹੈ। Maison Secours aux Femmes ਵਿਖੇ ਸ਼ੈਲਟਰ ਦੇ ਵਕੀਲ ਪੀੜਤਾਂ ਦੀ ਖਰੜਾ ਤਿਆਰ ਕਰਨ ਅਤੇ ਸ਼ਿਕਾਇਤ ਦਰਜ ਕਰਨ ਵਿੱਚ ਮਦਦ ਕਰ ਸਕਦੇ ਹਨ।

ਜਦੋਂ ਪੁਲਿਸ ਨੂੰ ਸ਼ਿਕਾਇਤ ਮਿਲਦੀ ਹੈ, ਤਾਂ ਉਹ ਜਾਂਚ ਕਰਦੀ ਹੈ। ਜੇਕਰ ਲੋੜੀਂਦੇ ਸਬੂਤ ਹਨ, ਤਾਂ ਉਹ ਫਾਈਲ ਨੂੰ ਅਪਰਾਧਿਕ ਅਤੇ ਦੰਡਕਾਰੀ ਮੁਕੱਦਮੇ ਦੇ ਵਕੀਲ ਨੂੰ ਭੇਜਦੇ ਹਨ ਜੋ ਕਾਰਵਾਈ ਨੂੰ ਮਨਜੂਰੀ ਦਿੰਦਾ ਹੈ ਜਾਂ ਅਸਵੀਕਾਰ ਕਰਦਾ ਹੈ।

ਜੇਕਰ ਕਾਰਵਾਈ ਕਰਨ ਮਨਜ਼ਰੀ ਮਿਲਦੀ ਹੈ, ਤਾਂ ਕਥਿਤ ਅਪਰਾਧੀ ਨੂੰ ਅਧਿਕਾਰਤ ਤੌਰ ‘ਤੇ ਦੋਸ਼ੀ ਠਹਿਰਾਇਆ ਜਾਂਦਾ ਹੈ ਅਤੇ ਉਸ ਨੂੰ ਦੋਸ਼ੀ ਜਾਂ ਦੋਸ਼ੀ ਨਾ ਹੋਣ ਦੀ ਬੇਨਤੀ ਕਰਨ ਦੀ ਲੋੜ ਹੁੰਦੀ ਹੈ।

ਮੁਕੱਦਮੇ ਦੌਰਾਨ, ਮੁਕੱਦਮੇ ਦੇ ਵਕੀਲ ਅਤੇ ਬਚਾਅ ਪੱਖ ਦੇ ਵਕੀਲ ਵਾਰੀ-ਵਾਰੀ ਆਪਣੇ ਸਬੂਤ ਪੇਸ਼ ਕਰਦੇ ਹਨ। ਉਸ ਵੇਲੇ ਗਵਾਹ ਬੋਲਦੇ ਹਨ। ਹਰ ਧਿਰ ਫਿਰ ਜੱਜ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਉਹ ਵਿਅਕਤੀ ਦੋਸ਼ੀ ਹੈ ਜਾਂ ਬੇਕਸੂਰ।

ਕੈਨੇਡਾ ਵਿੱਚ ਦੋਸ਼ੀ ਨੂੰ ਮੁਕੱਦਮੇ ਦੌਰਾਨ “ਬੇਕਸੂਰ ਮੰਨਿਆ ਜਾਂਦਾ ਹੈ” ਜਦੋਂ ਤੱਕ ਉਸ ਨੂੰ ਦੋਸ਼ੀ ਐਲਾਨ ਨਹੀਂ ਕੀਤਾ ਜਾਂਦਾ।

ਮੁਕੱਦਮੇ ਦੇ ਅੰਤ ਵਿੱਚ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਜੱਜ ਆਪਣਾ ਫੈਸਲਾ ਸੁਣਾਉਂਦਾ ਹੈ ਅਤੇ ਸਜ਼ਾ ਸੁਣਾਉਂਦਾ ਹੈ।

ਕਾਨੂੰਨੀ ਵਿਆਖਿਆ ਅਤੇ ਅਨੁਵਾਦ ਸੇਵਾਵਾਂ ਉਹਨਾਂ ਔਰਤਾਂ ਦੀ ਮਦਦ ਲਈ ਉਪਲਬਧ ਹਨ ਜੋ ਅਦਾਲਤ ਦੁਆਰਾ ਵਰਤੀ ਗਈ ਭਾਸ਼ਾ ਵਿੱਚ ਨਿਪੁੰਨ ਨਹੀਂ ਹੁੰਦੀਆਂ ਹਨ ਤਾਂ ਜੋ ਉਹ ਮੁਕੱਦਮੇ ਦੀ ਕਾਰਵਾਈ ਸਮਝ ਸਕਣ ਅਤੇ ਹਿੱਸਾ ਲੈ ਸਕਣ।

ਇੱਕ ਅਪਰਾਧਿਕ ਮੁਕੱਦਮੇ ਵਿੱਚ ਸਰਕਾਰ ਪੀੜਤ ਤਰਫੋਂ ਨਹੀਂ, ਸਗੋਂ ਕੈਨੇਡਾ ਦੇ ਸਮਾਜ ਦੀ ਤਰਫੋਂ ਦੋਸ਼ੀ ‘ਤੇ ਮੁਕੱਦਮਾ ਚਲਾਉਂਦੀ ਹੈ। ਪੀੜਤ ਮੁੱਖ ਗਵਾਹ ਹੁੰਦੀ ਹੈ।

“810” ਲਈ ਅਰਜ਼ੀ ਦਿਓ

ਕੁਝ ਮਾਮਲਿਆਂ ਵਿੱਚ ਜੋੜੇ ਦੇ ਵੱਖ ਹੋਣ ਤੋਂ ਬਾਅਦ ਵੀ ਵਿਆਹੁਤਾ ਹਿੰਸਾ ਜਾਰੀ ਰਹਿੰਦੀ ਹੈ। ਇੱਕ ਔਰਤ ਜੋ ਆਪਣੀ ਜਾਨ ਨੂੰ ਖਤਰਾ ਮਹਿਸੂਸ ਕਰਦੀ ਹੈ, ਜੱਜ ਨੂੰ ਆਪਣੇ ਸਾਬਕਾ ਜੀਵਨ ਸਾਥੀ ਨੂੰ ਸ਼ਾਂਤੀ ਇਕਰਾਰਨਾਮੇ ‘ਤੇ ਦਸਤਖਤ ਕਰਨ ਦਾ ਹੁਕਮ ਦੇਣ ਲਈ ਕਹਿ ਸਕਦੀ ਹੈ। ਇਹ ਇਕਰਾਰਨਾਮਾ ਸ਼ਾਂਤੀ ਬਣਾਈ ਰੱਖਣ ਦਾ ਵਾਅਦਾ ਹੈ। ਇਸ ਨੂੰ “810” ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਕ੍ਰਿਮੀਨਲ ਕੋਡ ਦੇ ਸੈਕਸ਼ਨ ਦਾ ਨੰਬਰ ਹੈ।

ਭਾਵੇਂ ਕੋਈ ਅਪਰਾਧ ਨਹੀਂ ਕੀਤਾ ਗਿਆ, ਫਿਰ ਵੀ “810” ਆਰਡਰ ਲਈ ਬੇਨਤੀ ਕੀਤੀ ਜਾ ਸਕਦੀ ਹੈ। ਅਜਿਹੇ ਮਾਮਲਿਆਂ ਵਿੱਚ ਜੱਜ ਨੂੰ ਯਕੀਨ ਹੋਣਾ ਚਾਹੀਦਾ ਹੈ ਕਿ ਇਸ ਦੀ ਬੇਨਤੀ ਕਰਨ ਵਾਲੀ ਔਰਤ ਕੋਲ ਇਸ ਡਰ ਦੇ ਜਾਇਜ਼ ਕਾਰਨ ਹਨ ਕਿ ਉਸ ਦਾ ਸਾਬਕਾ ਜੀਵਨ ਸਾਥੀ ਉਸ ਨੂੰ ਨੁਕਸਾਨ ਪਹੁੰਚਾਏਗਾ।

“810” ਉਸ ਵਿਅਕਤੀ ਨੂੰ ਕੁਝ ਸ਼ਰਤਾਂ ਦੀ ਪਾਲਣਾ ਕਰਨ ਲਈ ਮਜਬੂਰ ਕਰਦਾ ਹੈ। ਉਦਾਹਰਨ ਲਈ, ਇਹ ਉਸ ਨੂੰ ਆਪਣੇ ਸਾਬਕਾ ਸਾਥੀ ਨਾਲ ਸੰਪਰਕ ਕਰਨ ਤੋਂ ਮਨ੍ਹਾ ਕਰ ਸਕਦਾ ਹੈ।

ਇਹ ਆਰਡਰ ਵੱਧ ਤੋਂ ਵੱਧ 12 ਮਹੀਨਿਆਂ ਲਈ ਦਿੱਤਾ ਜਾਂਦਾ ਹੈ। ਪਰ ਜੇਕਰ ਪੀੜਤ ਔਰਤ ਕੋਲ ਅਜੇ ਵੀ ਆਪਣੀ ਸੁਰੱਖਿਆ ਸੰਬੰਧੀ ਡਰਨ ਦੇ ਕਾਰਨ ਹਨ, ਤਾਂ ਉਹ ਇਸ ਲਈ ਦੁਬਾਰਾ ਅਰਜ਼ੀ ਦੇ ਸਕਦੀ ਹੈ।

ਇਹ ਪੇਜ ਕਿਊਬਿਕ ਵਿੱਚ ਲਾਗੂ ਕਾਨੂੰਨ ਅਤੇ ਉਪਲਬਧ ਸਰੋਤਾਂ ਬਾਰੇ ਆਮ ਜਾਣਕਾਰੀ ਦਿੰਦਾ ਹੈ। ਕਿਸੇ ਵੀ ਹਾਲਤ ਵਿੱਚ ਇਹ ਕਾਨੂੰਨੀ ਸਲਾਹ ਨਹੀਂ ਹੈ। ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਸਾਡੇ ਨਾਲ ਜਾਂ ਕਿਸੇ ਵਕੀਲ ਨਾਲ ਸੰਪਰਕ ਕਰੋ।