ਵਿਆਹੁਤਾ ਹਿੰਸਾ ਦਾ ਸਾਹਮਣਾ ਕਰਨ ਵਾਲੇ ਬੱਚੇ
ਭਾਵੇਂ ਬੱਚੇ ਹਮੇਸ਼ਾ ਵਿਆਹੁਤਾ ਹਿੰਸਾ ਦੇ ਸਿੱਧੇ ਸ਼ਿਕਾਰ ਨਹੀਂ ਹੁੰਦੇ, ਪਰ ਉਹ ਅਕਸਰ ਇਸ ਦੇ ਗਵਾਹ ਹੁੰਦੇ ਹਨ। ਇਸ ਹਿੰਸਾ ਦਾ ਲਗਾਤਾਰ ਸਾਮ੍ਹਣਾ ਕਰਨ ਕਰਕੇ ਉਹਨਾਂ ਦੀ ਸਰੀਰਕ ਅਤੇ/ਜਾਂ ਮਨੋਵਿਗਿਆਨਕ ਤੰਦਰੁਸਤੀ ‘ਤੇ ਬਹੁਤ ਪ੍ਰਭਾਵ ਪੈਂਦਾ ਹੈ।
ਮਨੋਵਿਗਿਆਨਕ ਨੁਕਸਾਨ
ਵਿਆਹੁਤਾ ਹਿੰਸਾ ਕਰਕੇ ਬੱਚਿਆਂ ਦਾ ਮਨੋਵਿਗਿਆਨਕ ਸੰਤੁਲਨ ਵਿਗੜ ਜਾਂਦਾ ਹੈ। ਡਰ, ਮਾਨਸਿਕ ਪੀੜ, ਲਾਚਾਰੀ, ਅਸੁਰੱਖਿਆ, ਸ਼ਰਮਿੰਦਗੀ, ਦੋਸ਼, ਉਲਝਣ – ਹਿੰਸਾ ਦੇ ਗਵਾਹ ਬੱਚਿਆਂ ਵਿੱਚ ਅਕਸਰ ਚਿੰਤਾ ਜਾਂ ਉਦਾਸੀ ਦੇ ਲੱਛਣ ਦੇਖੇ ਜਾ ਸਕਦੇ ਹਨ।
ਇਸ ਤਣਾਅਪੂਰਨ ਸਥਿਤੀ ਦਾ ਸਾਹਮਣਾ ਕਰਦੇ ਹੋਏ ਬੱਚੇ ਆਪਣੇ ਰਵੱਈਏ ਨੂੰ ਇਸ ਮੁਤਾਬਕ ਢਾਲ ਲੈਂਦੇ ਹਨ। ਉਹ ਸ਼ਾਇਦ ਗੁੱਸੇ ਦਾ ਦਿਖਾਵਾ ਕਰਨ, ਪਰਿਵਾਰਕ ਮਾਹੌਲ ਤੋਂ ਦੂਰ ਰਹਿਣ ਜਾਂ ਮਨੋਰੰਜਕ ਗਤੀਵਿਧੀਆਂ ਵਿੱਚ ਸ਼ਰਨ ਲੈ ਲੈਣੀ। ਕੁਝ ਤਰ੍ਹਾਂ ਦਾ ਰਵੱਈਆ ਚੰਗਾ ਹੋ ਸਕਦਾ ਹੈ, ਜਦੋਂ ਕਿ ਦੂਸਰੀ ਤਰ੍ਹਾਂ ਦਾ ਰਵੱਈਆ ਥੋੜੇ ਸਮੇਂ ਲਈ ਅਤੇ ਲੰਬੇ ਸਮੇਂ ਲਈ ਵਧੇਰੇ ਨੁਕਸਾਨਦੇਹ ਸਾਬਤ ਹੁੰਦਾ ਹੈ। ਉਦਾਹਰਨ ਲਈ, ਬੱਚੇ ਅੰਦਰ ਭਾਵਨਾਤਮਕ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਜਾਂ ਉਸ ਨੂੰ ਆਪਣੇ ਅੰਦਰ ਸਵੈ-ਵਿਸ਼ਵਾਸ ਅਤੇ ਸਵੈ-ਮਾਣ ਬਣਾਉਣ ਵਿੱਚ ਮੁਸ਼ਕਲ ਆ ਸਕਦੀ ਹੈ।
ਸਿਹਤ ਸਮੱਸਿਆਵਾਂ
ਵਿਆਹੁਤਾ ਹਿੰਸਾ ਦੇ ਚੱਕਰ ਕਰਕੇ ਪੈਦਾ ਹੋਏ ਡਰ ਅਤੇ ਤਣਾਅ ਦੇ ਮਾਹੌਲ ਵਿਚ ਲੰਬੇ ਸਮੇਂ ਤੱਕ ਰਹਿਣ ਨਾਲ ਬੱਚਿਆਂ ਵਿੱਚ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ: ਦੇਰੀ ਨਾਲ ਵਿਕਾਸ ਹੋਣਾ, ਭਾਰ ਘਟਣਾ ਜਾਂ ਵਧਣਾ, ਨੀਂਦ ਦੀਆਂ ਸਮੱਸਿਆਵਾਂ, ਡਰਾਉਣੇ ਸੁਪਨੇ, ਸਮਝ ਨਾ ਆਉਣਾ ਕਿ ਕੋਈ ਕੰਮ ਕਿਵੇਂ ਕਰਨਾ, ਸਿੱਖਣ ਵਿੱਚ ਮੁਸ਼ਕਲਾਂ ਆਦਿ।
ਬਦਲੇ ਸਮਾਜਿਕ ਸੰਬੰਧ
ਵਿਆਹੁਤਾ ਹਿੰਸਾ ਬੱਚਿਆਂ ਦੇ ਸਮਾਜਿਕ ਸੰਬੰਧਾਂ ਨੂੰ ਪ੍ਰਭਾਵਿਤ ਕਰਦੀ ਹੈ। ਇਹ ਉਹਨਾਂ ਦੇ ਰਵੱਈਏ ਨੂੰ ਬਦਲਦੀ ਹੈ ਜਿਸ ਦੇ ਨਤੀਜੇ ਵਜੋਂ ਉਹਨਾਂ ਨੂੰ ਅਕਸਰ ਅਲੱਗ-ਥਲੱਗ ਜਾਂ ਦੂਰ ਰੱਖਿਆ ਜਾਂਦਾ ਹੈ। ਕੁਝ ਮਾਮਲਿਆਂ ਵਿੱਚ ਕਿਸ਼ੋਰਾਂ ਵਿਚ ਹਿੰਸਕ ਰਵੱਈਆ ਵੀ ਪੈਦਾ ਹੋ ਸਕਦਾ ਹੈ।
ਸਰੀਰਕ ਸੱਟਾਂ
ਵਿਆਹੁਤਾ ਹਿੰਸਾ ਦੇ ਮਾਹੌਲ ਵਿੱਚ ਕਈ ਵਾਰ ਬੱਚੇ ਖੁਦ ਹਿੰਸਾ ਦੇ ਸਿੱਧੇ ਸ਼ਿਕਾਰ ਹੁੰਦੇ ਹਨ। ਇਹ ਵੱਖ-ਵੱਖ ਰੂਪ ਲੈ ਸਕਦੀ ਹੈ (ਮਨੋਵਿਗਿਆਨਕ, ਸਰੀਰਕ, ਜਿਨਸੀ ਆਦਿ) ਅਤੇ ਨਤੀਜੇ ਵਜੋਂ ਉਨ੍ਹਾਂ ਨੂੰ ਗੰਭੀਰ ਸਦਮਾ ਲੱਗ ਸਕਦਾ ਹੈ।
ਜੇਕਰ ਤੁਹਾਨੂੰ ਆਪਣੀ ਸੁਰੱਖਿਆ ਦਾ ਡਰ ਹੈ, ਤਾਂ 911 ‘ਤੇ ਪੁਲਿਸ ਨੂੰ ਜਾਂ 514-873-9010 ਜਾਂ 1 800-363-9010 ‘ਤੇ SOS violence conjugale ਫੋਨ ਕਰਨ ਤੋਂ ਝਿਜਕੋ ਨਾ।
ਇਹ ਸੇਵਾਵਾਂ ਹਮੇਸ਼ਾ ਉਪਲਬਧ ਹੁੰਦੀਆਂ ਹਨ।