ਵਿਆਹੁਤਾ
ਹਿੰਸਾ ਦੇ ਰੂਪ

ਵਿਆਹੁਤਾ ਹਿੰਸਾ ਕਈ ਰੂਪ ਲੈ ਸਕਦੀ ਹੈ, ਕਈ ਵਾਰ ਸਾਫ਼-ਸਾਫ਼ ਨਜ਼ਰ ਆਉਂਦੀ ਹੈ ਅਤੇ ਕਈ ਵਾਰ ਨਜ਼ਰ ਨਹੀਂ ਆਉਂਦੀ। ਇਸ ਨੂੰ ਪਛਾਣਨ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਕੁਝ ਜਾਣਕਾਰੀ ਦਿੱਤੀ ਗਈ ਹੈ।

ਮਨੋਵਿਗਿਆਨਕ ਹਿੰਸਾ

ਮਨੋਵਿਗਿਆਨਕ ਹਿੰਸਾ ਮੁੱਖ ਤੌਰ ‘ਤੇ ਸਾਥੀ ਦਾ ਵਾਰ-ਵਾਰ ਅਪਮਾਨ ਕਰਨ ਵਾਲੀਆਂ ਹਰਕਤਾਂ ਜਾਂ ਸ਼ਬਦਾਂ ਦਾ ਰੂਪ ਲੈਂਦੀ ਹੈ। ਕੰਟ੍ਰੋਲ ਕਰਨ ਵਾਲਾ ਆਦਮੀ ਆਪਣੇ ਸਾਥੀ ਦੀ ਆਲੋਚਨਾ ਕਰਦਾ ਹੈ, ਉਸ ਨੂੰ ਨੀਵਾਂ ਦਿਖਾਉਂਦਾ ਹੈ, ਉਸ ਦਾ ਨਿਰਾਦਰ ਕਰਦਾ ਹੈ ਜਾਂ ਉਸ ਨੂੰ ਨਜ਼ਰਅੰਦਾਜ਼ ਕਰਦਾ ਹੈ।

ਮਨੋਵਿਗਿਆਨਕ ਹਿੰਸਾ ਬਦਸਲੂਕੀ ਦੀ ਸ਼ਿਕਾਰ ਔਰਤ ਦੇ ਅਕਸ, ਮਾਣ ਅਤੇ ਭਾਵਨਾਤਮਕ ਸਥਿਰਤਾ ਨੂੰ ਕਮਜ਼ੋਰ ਕਰਦੀ ਹੈ।

ਆਰਥਿਕ ਹਿੰਸਾ

ਆਰਥਿਕ ਹਿੰਸਾ ਯਕੀਨੀ ਤੌਰ ‘ਤੇ ਵਿਆਹੁਤਾ ਹਿੰਸਾ ਦਾ ਅਜਿਹਾ ਇਕ ਰੂਪ ਹੈ ਜਿਸ ਬਾਰੇ ਸਭ ਤੋਂ ਘੱਟ ਪਤਾ ਹੈ। ਪਰ ਇਹ ਹਿੰਸਾ ਅਕਸਰ ਵਾਪਰਦੀ ਹੈ। ਇਸ ਕਿਸਮ ਦੀ ਹਿੰਸਾ ਵਿੱਚ ਆਦਮੀ ਆਪਣੇ ਸਾਥੀ ਉੱਤੇ ਆਰਥਿਕ ਤੌਰ ਤੇ ਕੰਟ੍ਰੋਲ ਰੱਖਦਾ ਹੈ, ਉਸ ਦੇ ਖਰਚਿਆਂ ਉੱਤੇ ਨਜ਼ਰ ਰੱਖਦਾ ਹੈ, ਉਸ ਨੂੰ ਪਰਿਵਾਰ ਦੀ ਆਮਦਨੀ ਬਾਰੇ ਜਾਣਕਾਰੀ ਲੈਣ ਤੋਂ ਰੋਕਦਾ ਹੈ, ਉਸ ਨੂੰ ਆਰਥਿਕ ਸਾਧਨਾਂ ਤੋਂ ਵਾਂਝਾ ਕਰਦਾ ਹੈ, ਉਸ ਦੀ ਪੇਸ਼ੇਵਰ ਜ਼ਿੰਦਗੀ ਨੂੰ ਕੰਟ੍ਰੋਲ ਕਰਦਾ ਹੈ, ਉਸ ਨੂੰ ਕੰਮ ਕਰਨ ਤੋਂ ਰੋਕਦਾ ਹੈ ਜਾਂ ਇਸ ਤੋਂ ਵੀ ਵੱਧ ਕੇ ਉਹ ਉਸ ਨੂੰ ਘਰ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਲਈ ਕਹਿੰਦਾ ਹੈ।

ਆਰਥਿਕ ਹਿੰਸਾ ਦੇ ਨਤੀਜੇ ਵਜੋਂ ਬਦਸਲੂਕੀ ਦੀ ਸ਼ਿਕਾਰ ਔਰਤ ਪੈਸੇ ਪੱਖੋਂ ਆਤਮ-ਨਿਰਭਰ ਨਹੀਂ ਰਹਿੰਦੀ।

ਸਹਿਮਤੀ ਤੋਂ ਬਿਨਾਂ ਕੀਤਾ ਗਿਆ ਕੋਈ ਵੀ ਕੰਮ ਹਿੰਸਾ ਹੈ, ਇੱਥੋਂ ਤੱਕ ਕਿ ਇੱਕ ਨਜ਼ਦੀਕੀ ਰਿਸ਼ਤੇ ਵਿੱਚ ਵੀ।

ਜਿਨਸੀ ਹਿੰਸਾ

ਜਿਨਸੀ ਹਿੰਸਾ ਉਦੋਂ ਹੁੰਦੀ ਹੈ ਜਦੋਂ ਕੋਈ ਆਦਮੀ ਆਪਣੇ ਸਾਥੀ ਦੇ ਸਰੀਰ ਦਾ ਆਦਰ ਨਹੀਂ ਕਰਦਾ। ਉਹ ਸ਼ਾਇਦ ਮੰਗ ਕਰੇ ਕਿ ਉਹ ਉਸ ਨਾਲ ਜਾਂ ਹੋਰ ਲੋਕਾਂ ਨਾਲ ਜਿਨਸੀ ਸੰਬੰਧ ਬਣਾਏ, ਔਰਤ ਨਾਲ ਅਣਚਾਹੀਆਂ ਜਿਨਸੀ ਹਰਕਤਾਂ ਕਰੇ ਜਾਂ ਉਸ ਨੂੰ ਉਸ ਦੀ ਇੱਛਾ ਦੇ ਵਿਰੁੱਧ ਜਿਨਸੀ ਹਰਕਤਾਂ ਕਰਨ ਲਈ ਕਹੇ, ਉਸ ‘ਤੇ ਦੋਸ਼ ਲਾਵੇ ਕਿ ਉਸ ਦੇ ਪ੍ਰੇਮੀ ਹਨ, ਉਹ ਬਹੁਤ ਈਰਖਾ ਨਾਲ ਪੇਸ਼ ਆਵੇ, ਉਸ ਨੂੰ ਅਸ਼ਲੀਲ ਸਮੱਗਰੀ ਦੇਖਣ ਲਈ ਮਜਬੂਰ ਕਰੇ ਆਦਿ

ਜਿਨਸੀ ਹਿੰਸਾ ਪੀੜਤ ਔਰਤ ਦੀ ਸਰੀਰਕ ਅਤੇ ਮਨੋਵਿਗਿਆਨਕ ਅਖੰਡਤਾ ਨੂੰ ਕਮਜ਼ੋਰ ਕਰਦੀ ਹੈ।

ਸਮਾਜਿਕ ਹਿੰਸਾ

ਸਮਾਜਿਕ ਹਿੰਸਾ ਉਦੋਂ ਵਾਪਰਦੀ ਹੈ ਜਦੋਂ ਕੋਈ ਆਦਮੀ ਆਪਣੇ ਸਾਥੀ ਦੇ ਪਰਿਵਾਰ ਜਾਂ ਦੋਸਤਾਂ ਦੀ ਨਿੰਦਿਆ ਕਰਦਾ ਹੈ, ਉਸ ਦੀ ਨੌਕਰੀ ਜਾਂ ਸਹਿਕਰਮੀਆਂ ਦੀ ਆਲੋਚਨਾ ਕਰਦਾ ਹੈ, ਉਸ ਦੇ ਸ਼ੌਕ ਦਾ ਮਜ਼ਾਕ ਉਡਾਉਂਦਾ ਹੈ, ਉਸ ਨੂੰ ਬਾਹਰ ਜਾਣ ਤੋਂ ਰੋਕਦਾ ਹੈ, ਜਨਤਕ ਤੌਰ ‘ਤੇ ਕਲੇਸ਼ ਕਰਦਾ ਹੈ ਜਾਂ ਉਸ ਦੀ ਜਾਣ-ਪਛਾਣ ਦੇ ਲੋਕਾਂ ਨੂੰ ਡਰਾਉਂਦਾ ਹੈ।

ਇਸ ਤਰ੍ਹਾਂ ਦੀ ਹਿੰਸਾ ਪੀੜਤ ਔਰਤ ਦੇ ਸਮਾਜਿਕ ਜੀਵਨ ਨੂੰ ਕਮਜ਼ੋਰ ਕਰਦੀ ਹੈ ਅਤੇ ਉਸ ਨੂੰ ਦੂਸਰਿਆਂ ਤੋਂ ਅਲੱਗ-ਥਲੱਗ ਕਰ ਦਿੰਦੀ ਹੈ।

ਸਪੀਰੀਚੂਅਲ ਜਾਂ ਧਾਰਮਿਕ ਹਿੰਸਾ

ਅਧਿਆਤਮਿਕ ਜਾਂ ਧਾਰਮਿਕ ਹਿੰਸਾ ਮਨੋਵਿਗਿਆਨਕ ਹਿੰਸਾ ਦਾ ਇੱਕ ਰੂਪ ਹੈ ਜਿਸ ਵਿੱਚ ਕਿਸੇ ਵਿਅਕਤੀ ਦੇ ਵਿਸ਼ਵਾਸਾਂ ਦਾ ਅਪਮਾਨ ਕਰਨਾ ਜਾਂ ਮਜ਼ਾਕ ਕਰਨਾ ਸ਼ਾਮਲ ਹੈ। ਕੰਟ੍ਰੋਲ ਕਰਨ ਵਾਲਾ ਆਦਮੀ ਆਪਣੇ ਸਾਥੀ ਨੂੰ ਆਪਣੇ ਧਰਮ ਮੁਤਾਬਕ ਚੱਲਣ ਅਤੇ ਉਸ ਨੂੰ ਆਪਣੇ ਪੂਜਾ ਸਥਾਨ ‘ਤੇ ਜਾਣ ਤੋਂ ਰੋਕ ਸਕਦਾ ਹੈ ਜਾਂ ਉਸ ਉੱਤੇ ਦੋਸ਼ ਲਾਉਂਦਾ ਹੈ ਕਿ ਉਹ ਆਪਣੇ ਧਾਰਮਿਕ ਵਿਸ਼ਵਾਸਾਂ ਮੁਤਾਬਕ ਚੱਲਣ ਵਿੱਚ ਅਸਫਲ ਹੋਈ ਹੈ। ਉਹ ਸ਼ਾਇਦ ਉਸ ਨੂੰ ਆਪਣੀਆਂ ਮਰਜੀ ਮੁਤਾਬਕ ਚਲਾਉਣ ਲਈ ਜਾਂ ਆਪਣੀ ਹਿੰਸਾ ਜਾਂ ਦਬਦਬੇ ਨੂੰ ਜਾਇਜ਼ ਠਹਿਰਾਉਣ ਲਈ ਵੀ ਧਰਮ ਦੀ ਵਰਤੋਂ ਕਰੇ।

ਇਸ ਕਿਸਮ ਦੀ ਹਿੰਸਾ ਪੀੜਤ ਔਰਤ ਵਿੱਚ ਸ਼ਰਮਿੰਦਗੀ ਅਤੇ/ਜਾਂ ਸ਼ੱਕ ਦੀਆਂ ਭਾਵਨਾਵਾਂ ਨੂੰ ਜਨਮ ਦੇ ਸਕਦੀ ਹੈ ਜਿਸ ਕਾਰਨ ਉਹ ਅਕਸਰ ਆਪਣੇ ਧਾਰਮਿਕ ਵਿਸ਼ਵਾਸਾ ਮੁਤਾਬਕ ਚੱਲਣਾ ਛੱਡ ਦਿੰਦੀ ਹੈ।

ਸਰੀਰਕ ਹਿੰਸਾ

ਸਰੀਰਕ ਹਿੰਸਾ ਕਈ ਰੂਪ ਲੈ ਸਕਦੀ ਹੈ ਅਤੇ ਘੱਟ ਜਾਂ ਵੱਧ ਤੀਬਰਤਾ ਨਾਲ ਪ੍ਰਗਟ ਕੀਤੀ ਜਾ ਸਕਦੀ ਹੈ: ਜੋਰ-ਜੋਰ ਨਾਲ ਹਿਲਾਉਣਾ, ਧੱਕਾ ਦੇਣਾ, ਮੁੱਕਾ ਮਾਰਨਾ, ਦਬਾ ਕੇ ਰੱਖਣਾ, ਦੰਦੀ ਵੱਢਣਾ, ਕਿਸੇ ਹਥਿਆਰ ਨਾਲ ਧਮਕਾਉਣਾ, ਗਲਾ ਘੁੱਟਣਾ ਅਤੇ ਕੈਦ ਕਰਨਾ।

ਇਸ ਨਾਲ ਗੰਭੀਰ ਸੱਟਾਂ ਲੱਗ ਸਕਦੀਆਂ ਹਨ ਅਤੇ ਇਹ ਬਦਸਲੂਕੀ ਦੀ ਸ਼ਿਕਾਰ ਔਰਤ ਦੀ ਸਿਹਤ ਅਤੇ ਸਰੀਰਕ ਅਖੰਡਤਾ ਲਈ ਬਹੁਤ ਖਤਰਨਾਕ ਬਣ ਸਕਦੀ ਹੈ।

ਜ਼ੁਬਾਨੀ ਹਿੰਸਾ

ਇੱਕ ਵਿਅਕਤੀ ਆਪਣੇ ਸਾਥੀ ਨੂੰ ਡਰਾਉਣ ਜਾਂ ਅਪਮਾਨਿਤ ਕਰਨ ਲਈ ਜ਼ੁਬਾਨੀ ਹਿੰਸਾ ਦੀ ਵਰਤੋਂ ਕਰੇਗਾ। ਇਸ ਦੇ ਕਈ ਵੱਖ-ਵੱਖ ਰੂਪ ਅਤੇ ਰੰਗ ਹੁੰਦੇ ਹਨ ਜਿਸ ਵਿੱਚ ਅਪਮਾਨ, ਨੁਕਤਾਚੀਨੀ, ਧਮਕੀਆਂ, ਬਲੈਕਮੇਲ, ਚੀਕਣਾ, ਹੁਕਮ ਚਾੜ੍ਹਨੇ ਅਤੇ ਚੁਭਵੀਆਂ ਗੱਲਾਂ ਕਹਿਣੀਆਂ ਸ਼ਾਮਲ ਹਨ।

ਸਾਈਬਰ ਹਿੰਸਾ

ਸਾਈਬਰ ਹਿੰਸਾ ਮਨੋਵਿਗਿਆਨਕ ਹਿੰਸਾ ਦਾ ਇੱਕ ਹੋਰ ਰੂਪ ਹੈ। ਨਵੀਂ ਤੋਂ ਨਵੀਂ ਤਕਨਾਲੋਜੀ (ਈ-ਮੇਲ, ਟੈਕਸਟ ਮੈਸੇਜ, ਸੋਸ਼ਲ ਮੀਡੀਆ ਆਦਿ) ਦੇ ਜ਼ਰੀਏ ਦੂਰੇ ਬੈਠੇ ਵੀ ਇਸ ਤਰ੍ਹਾਂ ਕੀਤਾ ਜਾਂਦਾ ਹੈ ਅਤੇ ਇਹ ਬਹੁਤ ਆਮ ਹੋ ਗਈ ਹੈ, ਖਾਸ ਕਰਕੇ ਕਿਸ਼ੋਰ ਅਤੇ ਨੌਜਵਾਨ ਬਾਲਗਾਂ ਦੇ ਰਿਸ਼ਤਿਆਂ ਵਿੱਚ।

ਸਾਈਬਰ ਹਿੰਸਾ ਦੇ ਜ਼ਰੀਏ ਵਿਅਕਤੀ ਆਪਣੇ ਸਾਥੀ ਉੱਤੇ ਲਗਾਤਾਰ ਕੰਟ੍ਰੋਲ ਬਣਾਈ ਰੱਖਦਾ ਹੈ। ਇਹ ਕਈ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ: GPS ਲੋਕੇਸ਼ਨ ਟਰੈਕਿੰਗ, ਜਾਸੂਸੀ, ਵਾਰ-ਵਾਰ ਫੋਨ ਜਾਂ ਮੈਸੇਜ ਕਰਕੇ ਪਰੇਸ਼ਾਨ ਕਰਨਾ, ਅਪਮਾਨਜਨਕ ਤਸਵੀਰਾਂ ਜਾਂ ਮੈਸੇਜ ਪੋਸਟ ਕਰਨੇ, ਧੋਖਾਧੜੀ, ਪਛਾਣ ਦੀ ਚੋਰੀ ਆਦਿ।

ਜੇਕਰ ਤੁਹਾਨੂੰ ਆਪਣੀ ਸੁਰੱਖਿਆ ਦਾ ਡਰ ਹੈ, ਤਾਂ 911
‘ਤੇ ਪੁਲਿਸ ਨੂੰ ਜਾਂ 514-873-9010 ਜਾਂ 1 800-363-9010 ‘ਤੇ SOS violence conjugale ਫੋਨ ਕਰਨ ਤੋਂ ਝਿਜਕੋ ਨਾ।
ਇਹ ਸੇਵਾਵਾਂ ਹਮੇਸ਼ਾ ਉਪਲਬਧ ਹੁੰਦੀਆਂ ਹਨ।