ਪਰਿਵਾਰਕ ਕਾਨੂੰਨ

ਪਰਿਵਾਰਕ ਕਾਨੂੰਨ ਇੱਕ ਪਰਿਵਾਰ ਵਿੱਚ ਕਾਨੂੰਨੀ ਸੰਬੰਧਾਂ ਨੂੰ ਨਿਯੰਤ੍ਰਿਤ ਕਰਦਾ ਹੈ। ਇਸ ਵਿਚ ਉਹ ਸਾਰੇ ਨਿਯਮ ਹਨ ਜੋ ਵੱਖ ਹੋਣ, ਤਲਾਕ ਲੈਣ, ਪਾਲਣ-ਪੋਸ਼ਣ ਦੇ ਪ੍ਰਬੰਧ ਕਰਨ, ਬੱਚਿਆਂ ਦੀ ਕਸਟਡੀ, ਜੀਵਨ ਸਾਥੀ ਦੀ ਸਹਾਇਤਾ ਅਤੇ ਜਾਇਦਾਦ ਦੀ ਵੰਡ ਉੱਤੇ ਲਾਗੂ ਹੁੰਦੇ ਹਨ।

ਪੀੜਤ ਔਰਤਾਂ ਲਈ ਇਹਨਾਂ ਨਿਯਮਾਂ ਨੂੰ ਸਮਝਣਾ ਜ਼ਰੂਰੀ ਹੈ ਜੋ ਅਕਸਰ ਕਾਫ਼ੀ ਗੁੰਝਲਦਾਰ ਹੁੰਦੇ ਹਨ, ਤਾਂ ਜੋ ਉਹ ਆਪਣੇ ਜੀਵਨ ਉੱਤੇ ਮੁੜ ਕੰਟ੍ਰੋਲ ਹਾਸਲ ਕਰਨ ਦੇ ਯੋਗ ਹੋ ਸਕਣ।

ਵੱਖ ਹੋਣਾ ਅਤੇ ਤਲਾਕ ਲੈਣਾ

ਵੱਖ ਉਦੋਂ ਹੋਇਆ ਜਾਂਦਾ ਹੈ ਜਦੋਂ ਇੱਕ ਜੋੜਾ ਇਕੱਠੇ ਨਾ ਰਹਿਣ ਦਾ ਫੈਸਲਾ ਕਰਦਾ ਹੈ। ਇਸ ਨੂੰ ਅਧਿਕਾਰਤ ਹੋਣ ਲਈ ਅਦਾਲਤੀ ਫੈਸਲੇ ਦੀ ਲੋੜ ਨਹੀਂ ਹੈ। ਪਰ ਇੱਕ ਜੋੜਾ ਕੁਝ ਮਾਮਲਿਆਂ ਨੂੰ ਸੁਲਝਾਉਣ ਲਈ ਅਦਾਲਤ ਦੇ ਫੈਸਲੇ ਦਾ ਸਹਾਰਾ ਲੈ ਸਕਦਾ ਹੈ।

ਤਲਾਕ ਉਦੋਂ ਹੁੰਦਾ ਹੈ ਜਦੋਂ ਅਦਾਲਤ ਅਧਿਕਾਰਤ ਤੌਰ ‘ਤੇ ਵਿਆਹ ਨੂੰ ਖਤਮ ਕਰ ਦਿੰਦੀ ਹੈ। ਇਸ ਲਈ ਵਿਆਹੁਤਾ ਜੀਵਨ ਸਾਥੀ ਨੂੰ ਇਸ ਨੂੰ ਰਸਮੀ ਬਣਾਉਣ ਲਈ ਕਾਨੂੰਨੀ ਕਦਮ ਚੁੱਕਣੇ ਚਾਹੀਦੇ ਹਨ।

ਸਾਬਕਾ ਜੀਵਨ ਸਾਥੀ ਲਈ ਆਰਥਿਕ ਸਹਾਇਤਾ ਉਹ ਰਕਮ ਹੁੰਦੀ ਹੈ ਜੋ ਇਕ ਵਿਅਕਤੀ ਆਪਣੇ ਸਾਬਕਾ ਜੀਵਨ ਸਾਥੀ ਨੂੰ ਵੱਖ ਹੋਣ ਜਾਂ ਤਲਾਕ ਤੋਂ ਬਾਅਦ ਉਸ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਵਿੱਚ ਮਦਦ ਕਰਨ ਲਈ ਅਦਾ ਕਰਦਾ ਹੈ। ਇੱਕ ਜੱਜ ਨਿਰਧਾਰਤ ਕਰਦਾ ਹੈ ਕਿ ਜੀਵਨ ਸਾਥੀ ਇਸ ਦੇ ਯੋਗ ਹੈ ਜਾਂ ਨਹੀਂ ਅਤੇ ਉਹ ਰਕਮ ਵੀ ਨਿਰਧਾਰਤ ਕਰਦਾ ਹੈ।

ਸਿਰਫ਼ ਵਿਆਹਿਆ ਜੋੜਾ ਹੀ ਸਾਬਕਾ ਜੀਵਨ ਸਾਥੀ ਲਈ ਆਰਥਿਕ ਸਹਾਇਤਾ ਦਾ ਦਾਅਵਾ ਕਰ ਸਕਦੇ ਹਨ। ਇਹ ਉਹਨਾਂ ਕਾਮਨ-ਲਾਅ ਜੋੜਿਆਂ ‘ਤੇ ਲਾਗੂ ਨਹੀਂ ਹੁੰਦਾ ਜੋ ਵੱਖ ਹੁੰਦੇ ਹਨ।

ਕਿਊਬਿਕ ਵਿੱਚ ਸਾਰੇ ਮਾਪੇ ਆਪਣੇ ਬੱਚਿਆਂ ਦੀ ਆਰਥਿਕ ਸਹਾਇਤਾ ਕਰਨ ਲਈ ਪਾਬੰਦ ਹਨ। ਜੇਕਰ ਮਾਤਾ-ਪਿਤਾ ਵੱਖ ਹੋ ਜਾਂਦੇ ਹਨ ਜਾਂ ਤਲਾਕ ਲੈਂਦੇ ਹਨ, ਤਾਂ ਬੱਚੇ ਲਾਜ਼ਮੀ ਤੌਰ ‘ਤੇ ਆਪਣੇ ਮਾਤਾ-ਪਿਤਾ ਦੋਵਾਂ ਦੀ ਆਮਦਨ ਤੋਂ ਲਾਭ ਪ੍ਰਾਪਤ ਕਰਨ ਦੇ ਯੋਗ ਹੋਣੇ ਚਾਹੀਦੇ ਹਨ। ਇਸ ਲਈ ਇਹ ਮਾਪਿਆਂ ਨੇ ਜਿੰਮੇਵਾਰੀ ਹੈ ਕਿ ਉਹ ਬੱਚਿਆਂ ਦੀ ਸਹਾਇਤਾ ਲਈ ਆਪਸੀ ਸਹਿਮਤੀ ਨਾਲ ਰਕਮ ਨਿਯਤ ਕਰਨ।

ਬੱਚਿਆਂ ਦੀ ਸਹਾਇਤਾ ਉਹ ਪੈਸਾ ਹੈ ਜੋ ਇੱਕ ਸਾਥੀ ਦੂਜੇ ਨੂੰ ਆਪਣੇ ਬੱਚਿਆਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਵਿੱਚ ਮਦਦ ਕਰਨ ਲਈ ਅਦਾ ਕਰਦਾ ਹੈ। ਇਹ ਹਮੇਸ਼ਾ ਉਹ ਸਾਥੀ ਹੁੰਦਾ ਹੈ ਜਿਸ ਕੋਲ ਬੱਚਿਆਂ ਦੀ ਕਸਟਡੀ ਨਹੀਂ ਹੁੰਦੀ ਅਤੇ ਉਹ ਦੂਜੇ ਸਾਥੀ ਨੂੰ ਬੱਚੇ ਦੀ ਸਹਾਇਤਾ ਲਈ ਪੈਸਾ ਦਿੰਦਾ ਹੈ, ਭਾਵੇਂ ਕਿ ਉਸ ਦੇ ਸਾਥੀ ਦੀ ਆਮਦਨ ਵੱਧ ਹੋਵੇ ਜਿਸ ਕੋਲ ਬੱਚਿਆਂ ਦੀ ਕਸਟਡੀ ਹੁੰਦੀ ਹੈ। ਸਾਂਝੀ ਕਸਟਡੀ ਦੀ ਹਾਲਤ ਵਿੱਚ ਇੱਕ ਸਾਥੀ ਨੂੰ ਵੀ ਬੱਚਿਆਂ ਦੀ ਸਹਾਇਤਾ ਲਈ ਪੈਸੇ ਦੇਣ ਦੀ ਲੋੜ ਹੋ ਸਕਦੀ ਹੈ।

ਵੱਖ ਹੋਣ ਜਾਂ ਤਲਾਕ ਲੈਣ ਦੀ ਸਥਿਤੀ ਵਿੱਚ ਸਾਰੇ ਸ਼ਾਮਲ ਲੋਕਾਂ ਲਈ ਜਾਇਦਾਦ ਦੀ ਵੰਡ ‘ਤੇ ਸਹਿਮਤ ਹੋਣਾ ਬਹੁਤ ਜ਼ਰੂਰੀ ਹੈ। ਕਿਊਬਿਕ ਵਿੱਚ ਵਿਆਹੇ ਜੋੜਿਆਂ ਜਾਂ ਸਿਵਲ ਪਾਰਟਨਰਸ਼ਿਪ ਵਿੱਚ ਰਹਿਣ ਵਾਲਿਆਂ ਦੀ ਜਾਇਦਾਦ ਨੂੰ ਵੰਡਣਾ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਜਾਇਦਾਦ ਕਿਸ ਸ਼੍ਰੇਣੀ ਨਾਲ ਸੰਬੰਧਿਤ ਹੈ: ਪਰਿਵਾਰਕ ਜਾਇਦਾਦ ਜਾਂ ਵਿਆਹੁਤਾ ਪ੍ਰਬੰਧ।

ਪਰਿਵਾਰਕ ਜਾਇਦਾਦ ਦੀ ਵੰਡ ਅਤੇ ਵਿਆਹੁਤਾ ਪ੍ਰਬੰਧਾਂ ਨੂੰ ਪਰਿਭਾਸ਼ਿਤ ਕਰਨ ਵਾਲੇ ਨਿਯਮ ਵਿਆਹੇ ਜੋੜਿਆਂ ਅਤੇ ਸਿਵਲ ਯੂਨੀਅਨਾਂ ਵਿੱਚ ਰਹਿਣ ਵਾਲੇ ਜੋੜਿਆਂ ਲਈ ਹਨ। ਸਿਵਲ ਯੂਨੀਅਨਾਂ ਵਿੱਚ ਰਹਿਣ ਵਾਲੇ ਜੋੜਿਆਂ ਲਈ “ਵਿਆਹੁਤਾ ਪ੍ਰਬੰਧ” ਦੀ ਬਜਾਏ “ਸਿਵਲ ਯੂਨੀਅਨ ਪ੍ਰਬੰਧ” ਸ਼ਬਦ ਵਰਤਿਆ ਜਾਂਦਾ ਹੈ।

ਇਹ ਨਿਯਮ ਕਾਮਨ-ਲਾਅ ਰਿਸ਼ਤੇ ਵਿੱਚ ਜੋੜਿਆਂ ‘ਤੇ ਲਾਗੂ ਨਹੀਂ ਹੁੰਦੇ ਹਨ। ਇਹਨਾਂ ਜੋੜਿਆਂ ਲਈ ਵੱਖ ਹੋਣ ਦੀ ਸੂਰਤ ਵਿੱਚ ਜਾਇਦਾਦ ਦੀ ਵੰਡ ਬਾਰੇ ਕੋਈ ਰੈਗੂਲੇਟਰੀ ਢਾਂਚਾ ਮੌਜੂਦ ਨਹੀਂ ਹੈ। ਸਿਧਾਂਤਕ ਤੌਰ ‘ਤੇ, ਕਾਮਨ-ਲਾਅ ਰਿਸ਼ਤੇ ਵਿਚ ਹਰੇਕ ਮੈਂਬਰ ਆਪਣੀ ਜਾਇਦਾਦ ਨੂੰ ਸੰਭਾਲਦਾ ਕਰਦਾ ਹੈ।

ਪਰਿਵਾਰਕ ਜਾਇਦਾਦ

ਪਰਿਵਾਰਕ ਜਾਇਦਾਦ ਦੀ ਸੂਚੀ ਕਾਨੂੰਨ ਦੁਆਰਾ ਸਥਾਪਿਤ ਕੀਤੀ ਜਾਂਦੀ ਹੈ। ਇਸ ਵਿੱਚ ਸ਼ਾਮਲ ਹਨ:

  • ਪਰਿਵਾਰਕ ਰਿਹਾਇਸ਼ (ਘਰ, ਕਾਟੇਜ, ਕੰਡੋ ਆਦਿ)
  • ਇਹਨਾਂ ਰਿਹਾਇਸ਼ਾਂ ਵਿੱਚ ਵਸਤੂਆਂ (ਫਰਨੀਚਰ, ਘਰੇਲੂ ਉਪਕਰਣ, ਇਲੈਕਟ੍ਰਾਨਿਕ ਉਪਕਰਣ, ਕਲਾ ਦੀਆਂ ਚੀਜਾਂ ਆਦਿ)
  • ਪਰਿਵਾਰ ਦੁਆਰਾ ਵਰਤੀਆਂ ਜਾਂਦੀਆਂ ਗੱਡੀਆਂ
  • ਵਿਆਹੇ ਹੋਣ ਵੇਲੇ ਰਿਟਾਇਰਮੈਂਟ ਪਲਾਨ ਵਿੱਚ ਜਮ੍ਹਾ ਪੈਸੇ (RRSP, ਪੈਨਸ਼ਨ ਫੰਡ)
  • ਵਿਆਹੇ ਹੋਣ ਵੇਲੇ ਕਿਊਬਿਕ ਪੈਨਸ਼ਨ ਪਲਾਨ (QPP) ਰਾਹੀਂ ਕਮਾਈ

ਕਾਨੂੰਨੀ ਤੌਰ ‘ਤੇ ਵੱਖ ਹੋਣ, ਤਲਾਕ ਹੋਣ ਜਾਂ ਸਿਵਲ ਯੂਨੀਅਨ ਦੀ ਸਮਾਪਤੀ ਵੇਲੇ ਪਰਿਵਾਰਕ ਜਾਇਦਾਦ ਦੀ ਕੀਮਤ ਆਮ ਤੌਰ ‘ਤੇ ਪਤੀ-ਪਤਨੀ ਵਿਚਕਾਰ ਅੱਧੋ-ਅੱਧ ਵੰਡੀ ਜਾਂਦੀ ਹੈ।

ਜੇਕਰ ਇਕ ਜੀਵਨ ਸਾਥੀ ਨੇ ਦੂਸਰੇ ਨੂੰ ਇੱਕ ਨਿਸ਼ਚਿਤ ਰਕਮ ਵਾਪਸ ਕਰਨੀ ਹੈ, ਤਾਂ ਉਹ ਨਕਦ ਦੇ ਸਕਦੇ ਹਨ ਜਾਂ ਜਾਇਦਾਦ ਦੀ ਮਾਲਕੀ ਤਬਦੀਲ ਕਰਕੇ ਭੁਗਤਾਨ ਕਰ ਸਕਦੇ ਹਨ।

ਉਪਰੋਕਤ ਸੂਚੀ ਵਿੱਚ ਕੁਝ ਜਾਇਦਾਦ ਨੂੰ ਪਰਿਵਾਰਕ ਜਾਇਦਾਦ ਤੋਂ ਬਾਹਰ ਰੱਖਿਆ ਜਾ ਸਕਦਾ ਹੈ। ਉਦਾਹਰਨ ਲਈ, ਉਹ ਜਾਇਦਾਦ ਜੋ ਵਿਰਾਸਤ ਵਿੱਚ ਜਾਂ ਤੋਹਫ਼ੇ ਵਜੋਂ ਮਿਲੀ।

ਵਿਆਹੁਤਾ ਪ੍ਰਬੰਧ ਜਾਇਦਾਦ

ਜੋ ਜਾਇਦਾਦ ਪਰਿਵਾਰਕ ਜਾਇਦਾਦ ਦੀ ਸੂਚੀ ਵਿੱਚ ਸ਼ਾਮਲ ਨਹੀਂ ਹੈ, ਆਪਣੇ ਆਪ ਹੀ ਵਿਆਹ ਪ੍ਰਬੰਧਾਂ ਦੇ ਅਧੀਨ ਆਉਂਦੀ ਹੈ। ਇੱਥੇ ਕੁਝ ਉਦਾਹਰਣਾਂ ਹਨ:

  • ਬੈਂਕ ਖਾਤੇ
  • ਵਿਆਹੇ ਹੋਣ ਦੌਰਾਨ ਬਚੇ ਪੈਸੇ
  • ਜਮੀਨ-ਜਾਇਦਾਦ ਤੋਂ ਆਮਦਨੀ ਅਤੇ ਕਿਰਾਏ
  • ਨਿਵੇਸ਼ (RRSPs ਅਤੇ ਪੈਨਸ਼ਨ ਯੋਜਨਾਵਾਂ ਨੂੰ ਛੱਡ ਕੇ)
  • ਜਾਇਦਾਦ ਜੋ ਪਰਿਵਾਰ ਦੁਆਰਾ ਵਰਤੀ ਨਹੀਂ ਜਾਂਦੀ
  • ਕਰਜ਼ੇ ਅਤੇ ਨਿੱਜੀ ਲੋਨ

ਤਲਾਕ ਹੋਣ ਦੀ ਸੂਰਤ ਵਿੱਚ ਇਸ ਜਾਇਦਾਦ ਦਾ ਮੁੱਲ ਜਾਂ ਮਾਲਕੀ ਜੋੜੇ ਦੇ ਵਿਆਹੁਤਾ ਪ੍ਰਬੰਧਾਂ ਦੇ ਨਿਯਮਾਂ ਅਨੁਸਾਰ ਸਾਂਝੀ ਕੀਤੀ ਜਾਂਦੀ ਹੈ।

ਕਿਊਬਿਕ ਵਿੱਚ ਜਾਇਦਾਦ ਸੰਬੰਧੀ ਤਿੰਨ ਮੁੱਖ ਵਿਆਹੁਤਾ ਪ੍ਰਬੰਧ ਹਨ:

  • ਜਾਇਦਾਦ ਦਾ ਭਾਈਚਾਰਾ ਕਾਨੂੰਨੀ ਵਿਆਹੁਤਾ ਪ੍ਰਬੰਧ ਹੈ ਜੋ 1 ਜੁਲਾਈ, 1970 ਤੋਂ ਪਹਿਲਾਂ ਵਿਆਹੇ ਜੋੜਿਆਂ ‘ਤੇ ਲਾਗੂ ਹੁੰਦਾ ਹੈ।
  • ਪ੍ਰਾਪਤੀਆਂ ਦੀ ਭਾਈਵਾਲੀ ਕਾਨੂੰਨੀ ਵਿਆਹੁਤਾ ਪ੍ਰਬੰਧ ਹੈ ਜੋ 1 ਜੁਲਾਈ, 1970 ਤੋਂ ਬਾਅਦ ਵਿਆਹੇ ਜੋੜਿਆਂ ‘ਤੇ ਲਾਗੂ ਹੁੰਦੀ ਹੈ।
  • ਜਾਇਦਾਦ ਦੇ ਸੰਬੰਧ ਵਿਚ ਵੱਖ ਹੋਣਾ

ਕਾਨੂੰਨੀ ਵਿਆਹੁਤਾ ਪ੍ਰਬੰਧ ਉਹਨਾਂ ਜੀਵਨ ਸਾਥੀਆਂ ‘ਤੇ ਆਪਣੇ ਆਪ ਲਾਗੂ ਹੁੰਦਾ ਹੈ ਜਿਨ੍ਹਾਂ ਦਾ ਕੋਈ ਵਿਆਹ ਦਾ ਇਕਰਾਰਨਾਮਾ ਨਹੀਂ ਹੈ। ਜੇਕਰ ਪਤੀ-ਪਤਨੀ ਨੇ ਇੱਕ ਨੋਟਰੀ ਦੇ ਸਾਮ੍ਹਣੇ ਵਿਆਹ ਦੇ ਇਕਰਾਰਨਾਮੇ ‘ਤੇ ਹਸਤਾਖਰ ਕੀਤੇ ਹਨ, ਤਾਂ ਇਕਰਾਰਨਾਮੇ ਵਿੱਚ ਜਿਕਰ ਕੀਤਾ ਗਿਆ ਵਿਆਹੁਤਾ ਪ੍ਰਬੰਧ ਹੀ ਲਾਗੂ ਹੁੰਦਾ ਹੈ।

ਕੁਝ ਸਥਿਤੀਆਂ ਵਿੱਚ ਇਨ੍ਹਾਂ 3 ਵਿਆਹੁਤਾ ਪ੍ਰਬੰਧਾਂ ਵਿੱਚੋਂ ਕੋਈ ਵੀ ਲਾਗੂ ਨਹੀਂ ਹੁੰਦਾ। ਉਦਾਹਰਨ ਲਈ, ਜੇਕਰ ਵਿਆਹ ਕਰਾਉਣ ਵੇਲੇ ਪਤੀ-ਪਤਨੀ ਕਿਊਬਿਕ ਤੋਂ ਬਾਹਰ ਰਹਿੰਦੇ ਸਨ, ਤਾਂ ਇਹ ਲਾਗੂ ਨਹੀਂ ਹੁੰਦਾ ਹੈ।

ਪਾਲਣ-ਪੋਸ਼ਣ ਦੇ ਪ੍ਰਬੰਧ

ਵੱਖ ਹੋਣ, ਸਿਵਲ ਯੂਨੀਅਨ ਖ਼ਤਮ ਹੋਣ ਜਾਂ ਤਲਾਕ ਹੋਣ ਦੀ ਸਥਿਤੀ ਵਿੱਚ ਮਾਪਿਆਂ ਨੂੰ “ਪਾਲਣ-ਪੋਸ਼ਣ ਦੇ ਪ੍ਰਬੰਧ” ਸਥਾਪਤ ਕਰਨੇ ਚਾਹੀਦੇ ਹਨ ਜਿਸ ਦਾ ਮਕਸਦ ਇਹ ਸਪੱਸ਼ਟ ਕਰਨਾ ਹੈ ਕਿ ਉਹ ਆਪਣੇ ਬੱਚਿਆਂ ਦੀ ਦੇਖਭਾਲ ਕਿਵੇਂ ਕਰਨਗੇ। ਇਨ੍ਹਾਂ ਵਿੱਚ ਹੋਰ ਚੀਜ਼ਾਂ ਦੇ ਨਾਲ ਇਹ ਸਭ ਕੁਝ ਸ਼ਾਮਲ ਹੈ, ਉਹ ਕਿੱਥੇ ਰਹਿਣਗੇ, ਉਹ ਕਿਹੜੇ ਸਕੂਲ ਜਾਣਗੇ, ਪੜ੍ਹਾਈ ਤੋਂ ਇਲਾਵਾ ਉਹਨਾਂ ਦੀਆਂ ਹੋਰ ਗਤੀਵਿਧੀਆਂ।

ਸੰਘੀ ਪੱਧਰ ‘ਤੇ, ਡਾਈਵੋਰਸ ਐਕਟ ਤਲਾਕ ਲੈਣ ਵਾਲੇ ਮਾਪਿਆਂ ਲਈ ਪਾਲਣ-ਪੋਸ਼ਣ ਦੇ ਪ੍ਰਬੰਧਾਂ ਉੱਤੇ ਲਾਗੂ ਹੋਣ ਵਾਲੇ ਨਿਯਮ ਨਿਰਧਾਰਤ ਕਰਦਾ ਹੈ। ਕਿਊਬਿਕ ਵਿੱਚ ਅਣਵਿਆਹੇ ਮਾਪਿਆਂ ਅਤੇ ਵਿਆਹੇ ਮਾਪਿਆਂ ਲਈ ਸਮਾਨ ਨਿਯਮ ਮੌਜੂਦ ਹਨ ਜੋ ਤਲਾਕ ਦਾਇਰ ਕੀਤੇ ਬਿਨਾਂ ਵੱਖ ਹੋ ਜਾਂਦੇ ਹਨ।

ਕਾਨੂੰਨ ਦੇ ਅਨੁਸਾਰ ਪਾਲਣ-ਪੋਸ਼ਣ ਦੇ ਪ੍ਰਬੰਧ ਬੱਚਿਆਂ ਦੇ ਸਰਵੋਤਮ ਹਿੱਤਾਂ ਵਿੱਚ ਸਥਾਪਿਤ ਕੀਤੇ ਜਾਣੇ ਚਾਹੀਦੇ ਹਨ।

ਜਦੋਂ ਮਾਪੇ ਵੱਖ ਹੋ ਜਾਂਦੇ ਹਨ, ਤਾਂ ਉਹ ਦੋਵੇਂ ਆਪਣੇ ਬੱਚਿਆਂ ਦੀ ਕਸਟਡੀ ਦੇ ਹੱਕਦਾਰ ਹੁੰਦੇ ਹਨ। ਦੋਵਾਂ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਰਹਿਣ ਦੇ ਬਰਾਬਰ ਅਧਿਕਾਰ ਹਨ। ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਦੋਵੇਂ ਮਾਪੇ ਇਹ ਕਸਟਡੀ ਸਾਂਝੀ ਕਰ ਸਕਦੇ ਹਨ ਜਾਂ ਫਿਰ ਇਕ ਜਣੇ ਨੂੰ ਦਿੱਤੀ ਜਾ ਸਕਦੀ ਹੈ।

ਵਿਆਹੁਤਾ ਹਿੰਸਾ ਦੇ ਮਾਮਲਿਆਂ ਵਿੱਚ ਔਰਤ ਨੂੰ ਬੱਚਿਆਂ ਦੀ ਕਸਟਡੀ ਆਪਣੇ ਆਪ ਨਹੀਂ ਦਿੱਤੀ ਜਾਂਦੀ। ਜੱਜ ਹਮੇਸ਼ਾ ਬੱਚਿਆਂ ਦੇ ਹਿੱਤਾਂ, ਭਲਾਈ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਕਸਟਡੀ ਦੇਵੇਗਾ।

ਮੁਲਾਕਾਤ ਦੇ ਅਧਿਕਾਰ ਉਹ ਅਧਿਕਾਰ ਹਨ ਜੋ ਬੱਚਿਆਂ ਨੂੰ ਆਪਣੇ ਮਾਤਾ ਜਾਂ ਪਿਤਾ ਦੇ ਸੰਪਰਕ ਵਿੱਚ ਰਹਿਣ ਦੀ ਇਜਾਜ਼ਤ ਦਿੰਦੇ ਹਨ ਜਿਸ ਕੋਲ ਬੱਚੇ ਦੀ ਕਸਟਡੀ ਨਹੀਂ ਹੁੰਦੀ। ਇਹ ਮੁਲਾਕਾਤਾਂ, ਫ਼ੋਨ ਕਾਲਾਂ, ਸੈਰ-ਸਪਾਟੇ ਆਦਿ ਦੇ ਰੂਪ ਵਿੱਚ ਹੋ ਸਕਦੇ ਹਨ।

ਜੇਕਰ ਤੁਸੀਂ ਡਰਦੇ ਹੋ ਕਿ ਤੁਹਾਡੇ ਸਾਬਕਾ ਸਾਥੀ ਦੇ ਮੁਲਾਕਾਤਾਂ ਦੇ ਅਧਿਕਾਰ ਤੁਹਾਡੀ ਜਾਂ ਤੁਹਾਡੇ ਬੱਚਿਆਂ ਦੀ ਸੁਰੱਖਿਆ ਲਈ ਖ਼ਤਰਾ ਹਨ, ਤਾਂ ਤੁਸੀਂ ਬੇਨਤੀ ਕਰ ਸਕਦੇ ਹੋ ਕਿ ਮੁਲਾਕਾਤ ਕਿਸੇ ਨਿਗਰਾਨੀ ਵਾਲੇ ਵਿਜ਼ਿਟੇਸ਼ਨ ਸੈਂਟਰ ਵਿੱਚ ਕੀਤੀ ਜਾਵੇ।

ਮਾਪਿਆਂ ਦਾ ਅਧਿਕਾਰ ਉਹਨਾਂ ਹੱਕਾਂ ਅਤੇ ਜ਼ਿੰਮੇਵਾਰੀਆਂ ਨੂੰ ਦਰਸਾਉਂਦਾ ਹੈ ਜੋ ਬੱਚਿਆਂ ਦੇ 18 ਸਾਲ ਦੀ ਉਮਰ ਹੋਣ ਤੱਕ ਮਾਪਿਆਂ ਦੀਆਂ ਆਪਣੇ ਬੱਚਿਆਂ ਪ੍ਰਤੀ ਹੁੰਦੀਆਂ ਹਨ। ਜਦੋਂ ਮਾਤਾ-ਪਿਤਾ ਵੱਖ ਹੋ ਜਾਂਦੇ ਹਨ, ਤਾਂ ਭਾਵੇਂ ਮਾਪਿਆਂ ਵਿੱਚੋਂ ਸਿਰਫ਼ ਇੱਕ ਜਣੇ ਨੂੰ ਬੱਚਿਆਂ ਦੀ ਕਸਟਡੀ ਦਿੱਤੀ ਜਾਂਦੀ ਹੈ, ਦੂਜਾ ਅਜੇ ਵੀ ਮਾਤਾ/ਪਿਤਾ ਹੋਣ ਦਾ ਅਧਿਕਾਰ ਬਰਕਰਾਰ ਰੱਖਦਾ ਹੈ।

ਪਰਿਵਾਰਕ
ਨਿਆਂ ਸੇਵਾਵਾਂ

ਸਾਬਕਾ ਸਾਥੀ ਹਮੇਸ਼ਾ ਜਾਇਦਾਦ ਦੀ ਵੰਡ, ਜੀਵਨ ਸਾਥੀ ਦੀ ਸਹਾਇਤਾ ਅਤੇ ਪਾਲਣ-ਪੋਸ਼ਣ ਦੇ ਪ੍ਰਬੰਧਾਂ ‘ਤੇ ਸਹਿਮਤ ਨਹੀਂ ਹੁੰਦੇ ਹਨ। ਅਜਿਹੇ ਮਾਮਲਿਆਂ ਵਿੱਚ ਉਹ ਜੱਜ ਤੋਂ ਫੈਸਲਾ ਕਰਵਾਉਣ ਲਈ ਅਦਾਲਤ ਵਿੱਚ ਜਾ ਸਕਦੇ ਹਨ।

ਪਰ ਅਜਿਹੀਆਂ ਪ੍ਰਕਿਰਿਆਵਾਂ ਮਹਿੰਗੀਆਂ, ਲੰਬੀਆਂ ਅਤੇ/ਜਾਂ ਤਣਾਅਪੂਰਨ ਹੋ ਸਕਦੀਆਂ ਹਨ। ਅਦਾਲਤਾਂ ਦੇ ਚੱਕਰਾਂ ਤੋਂ ਬਚਣ ਲਈ ਫੈਸਲੇ ਲੈਣ ਅਤੇ ਵਿਵਾਦਾਂ ਦਾ ਨਿਪਟਾਰਾ ਕਰਨ ਵਿੱਚ ਮਦਦ ਲਈ ਪਰਿਵਾਰਕ ਨਿਆਂ ਸੇਵਾਵਾਂ ਉਪਲਬਧ ਹਨ।

ਪਰਿਵਾਰਕ ਨਿਆਂ ਸੇਵਾਵਾਂ ਕਈ ਤਰ੍ਹਾਂ ਦੀਆਂ ਹਨ, ਜਿਵੇਂ ਕਿ:

ਜਾਣਕਾਰੀ ਅਤੇ ਸਾਧਨ ਕੇਂਦਰ ਪਰਿਵਾਰਕ ਕਾਨੂੰਨ ਅਤੇ ਕਾਨੂੰਨੀ ਕਾਰਵਾਈਆਂ ਬਾਰੇ ਮੁਫਤ ਜਾਣਕਾਰੀ ਪ੍ਰਦਾਨ ਕਰਦੇ ਹਨ। ਉਹ ਲੋੜਵੰਦ ਲੋਕਾਂ ਨੂੰ ਉਹਨਾਂ ਦੀ ਕਾਰਵਾਈ ਵਿੱਚ ਸਹਾਇਤਾ ਪ੍ਰਦਾਨ ਕਰ ਸਕਦੇ ਹਨ ਅਤੇ/ਜਾਂ ਉਹਨਾਂ ਨੂੰ ਉਚਿਤ ਕਾਨੂੰਨੀ ਅਤੇ ਭਾਈਚਾਰਕ ਸਾਧਨਾਂ ਵੱਲ ਗਾਈਡ ਕਰ ਸਕਦੇ ਹਨ।

ਪੇਰੈਂਟ ਐਜੂਕੇਸ਼ਨ ਪ੍ਰੋਗਰਾਮ ਭਾਵਨਾਤਮਕ ਸਹਾਇਤਾ ਪ੍ਰਦਾਨ ਕਰਦੇ ਹਨ ਅਤੇ ਉਹਨਾਂ ਲੋਕਾਂ ਦੀ ਸਹਾਇਤਾ ਕਰਦੇ ਹਨ ਜਿਨ੍ਹਾਂ ਨੂੰ ਵੱਖ ਹੋਣ ਦੌਰਾਨ ਆਪਣੀ ਪਾਲਣ-ਪੋਸ਼ਣ ਦੀ ਜਿੰਮੇਵਾਰੀ ਵਿੱਚ ਸਹਾਇਤਾ ਦੀ ਲੋੜ ਹੁੰਦੀ ਹੈ। ਇਹ ਪ੍ਰੋਗਰਾਮ ਵਕੀਲਾਂ ਜਾਂ ਸਮਾਜ ਸੇਵਕਾਂ ਦੁਆਰਾ ਪੇਸ਼ ਕੀਤੇ ਜਾਂਦੇ ਹਨ।

ਇਹ ਪੇਜ ਕਿਊਬਿਕ ਵਿੱਚ ਲਾਗੂ ਕਾਨੂੰਨ ਅਤੇ ਉਪਲਬਧ ਸਰੋਤਾਂ ਬਾਰੇ ਆਮ ਜਾਣਕਾਰੀ ਦਿੰਦਾ ਹੈ। ਕਿਸੇ ਵੀ ਹਾਲਤ ਵਿੱਚ ਇਹ ਕਾਨੂੰਨੀ ਸਲਾਹ ਨਹੀਂ ਹੈ। ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਸਾਡੇ ਨਾਲ ਜਾਂ ਕਿਸੇ ਵਕੀਲ ਨਾਲ ਸੰਪਰਕ ਕਰੋ।