ਵੱਖ ਹੋਣ ਤੋਂ ਬਾਅਦ ਵਿਆਹੁਤਾ ਹਿੰਸਾ

ਵਿਆਹੁਤਾ ਹਿੰਸਾ ਦੀ ਸ਼ਿਕਾਰ ਔਰਤ ਲਈ ਵੱਖ ਹੋਣਾ ਖਾਸ ਤੌਰ ‘ਤੇ ਨਾਜ਼ੁਕ ਸਮਾਂ ਹੁੰਦਾ ਹੈ। ਉਸ ਦਾ ਸਾਬਕਾ ਸਾਥੀ ਹਮੇਸ਼ਾ ਇਹ ਸਵੀਕਾਰ ਨਹੀਂ ਕਰਦਾ ਹੈ ਕਿ ਉਸ ਨੇ ਛੱਡ ਦਿੱਤਾ ਹੈ ਅਤੇ ਹੋ ਸਕਦਾ ਹੈ ਕਿ ਉਸ ‘ਤੇ ਕੰਟ੍ਰੋਲ ਜਾਰੀ ਰੱਖਣ ਲਈ ਕੁਝ ਵੀ ਕਰਨ ਲਈ ਤਿਆਰ ਹੋਵੇ। ਹਿੰਸਾ ਅਕਸਰ ਵੱਖ ਹੋਣ ਤੋਂ ਬਾਅਦ ਵੀ ਜਾਰੀ ਰਹਿੰਦੀ ਹੈ ਅਤੇ ਕੁਝ ਮਾਮਲਿਆਂ ਵਿੱਚ ਹੋਰ ਗੰਭੀਰ ਹੋ ਜਾਂਦੀ ਹੈ।

ਪਿੱਛਾ ਕਰਨਾ ਅਤੇ ਪਰੇਸ਼ਾਨ ਕਰਨਾ

ਆਦਮੀ ਵਾਰ-ਵਾਰ ਫੋਨ ਜਾਂ ਮੈਸੇਜ ਕਰਦਾ ਹੈ, ਆਪਣੇ ਸਾਬਕਾ ਸਾਥੀ ਦਾ ਪਿੱਛਾ ਕਰਦਾ ਹੈ, ਉਸ ਦੇ ਕੰਮ ਵਾਲੀ ਥਾਂ ਜਾਂ ਘਰ ਤਕ ਉਸ ਦਾ ਪਿੱਛਾ ਕਰਦਾ ਹੈ, ਬਿਨਾਂ ਇਜਾਜ਼ਤ ਉਸ ਦੇ ਘਰ ਜਾਂਦਾ ਹੈ ਅਤੇ ਉਸ ਨਾਲ ਸੰਪਰਕ ਨਾ ਕਰਨ ਦੇ ਹੁਕਮਾਂ ਦੀ ਉਲੰਘਣਾ ਕਰਦਾ ਹੈ।

ਧਮਕੀਆਂ ਅਤੇ ਧਮਕਾਉਣਾ

ਉਹ ਆਦਮੀ ਆਪਣੇ ਸਾਬਕਾ ਸਾਥੀ ਅਤੇ ਬੱਚਿਆਂ ਨੂੰ ਸਰੀਰਕ ਹਿੰਸਾ ਦੀ ਧਮਕੀ ਦਿੰਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਕਿ ਉਹ ਉਸ ਤੋਂ ਬੱਚਿਆਂ ਦੀ ਕਸਟਡੀ ਜਾਂ ਰਿਹਾਇਸ਼ ਦੇ ਅਧਿਕਾਰ ਖੋਹ ਲਵੇਗਾ।

ਉਹ ਸ਼ਾਇਦ ਆਪਣੇ ਸਾਬਕਾ ਸਾਥੀ ਦੀਆਂ ਬੱਚਿਆਂ ਨੂੰ ਪਾਲਣ-ਪੋਸ਼ਣ ਦੀਆਂ ਯੋਗਤਾਵਾਂ ‘ਤੇ ਵੀ ਸਵਾਲ ਖੜ੍ਹਾ ਕਰੇ, ਬੱਚਿਆਂ ਦੇ ਸੰਬੰਧ ਵਿਚ ਫੈਸਲੇ ਲੈਣ ਅਤੇ ਉਨ੍ਹਾਂ ਦੀ ਪਰਵਰਿਸ਼ ਦੇ ਸੰਬੰਧ ਵਿੱਚ ਸਹਿਯੋਗ ਦੇਣ ਤੋਂ ਇਨਕਾਰ ਕਰੇ, ਝੂਠੇ ਦੋਸ਼ ਲਾਵੇ, ਪਤਨੀ ਨੂੰ ਮਿਲਣ ਵਾਲੇ ਲਾਭਾਂ ਨੂੰ ਰੋਕ ਦੇਵੇ ਜਾਂ ਸਾਂਝੇ ਖਰਚਿਆਂ ਵਿਚ ਆਪਣਾ ਹਿੱਸਾ ਦੇਣ ਤੋਂ ਇਨਕਾਰ ਕਰੇ।

ਆਪਣੀਆਂ ਉਂਗਲਾਂ ‘ਤੇ ਨਚਾਉਣਾ

ਆਦਮੀ ਕਈ ਵਾਰ ਕਈ ਤਰ੍ਹਾਂ ਦੀਆਂ ਚਲਾਕੀਆਂ ਵਰਤ ਕੇ ਆਪਣੇ ਸਾਬਕਾ ਨੂੰ ਉਸ ਕੋਲ ਵਾਪਸ ਆਉਣ ਲਈ ਮਨਾਉਣ ਦੀ ਕੋਸ਼ਿਸ਼ ਕਰਦਾ ਹੈ। ਉਹ ਬੱਚਿਆਂ, ਸਕੂਲ ਦੇ ਸਟਾਫ਼ ਜਾਂ ਕਾਨੂੰਨੀ ਪੇਸ਼ੇਵਰਾਂ ਨੂੰ ਚਲਾਕੀ ਨਾਲ ਉਸ ਦੇ ਖਿਲਾਫ ਕਰਦਾ ਹੈ ਤਾਂਕਿ ਉਹ ਉਸ ਦੇ ਵਿਰੁੱਧ ਕਾਰਵਾਈ ਕਰਨ।

ਵੱਖ ਹੋਣ ਤੋਂ ਬਾਅਦ ਗੰਭੀਰ ਸੱਟ ਜਾਂ ਹੱਤਿਆ ਦੇ ਖਤਰੇ ਮਾਮੂਲੀ ਨਹੀਂ ਹੁੰਦੇ। ਜੇਕਰ ਤੁਸੀਂ ਆਪਣੀ ਸੁਰੱਖਿਆ ਨੂੰ ਲੈ ਕੇ ਡਰਦੇ ਹੋ, ਤਾਂ ਪੁਲਿਸ ਜਾਂ SOS violence conjugale ਨੂੰ ਫੋਨ ਕਰਨ ਤੋਂ ਨਾ ਝਿਜਕੋ।

ਤੁਸੀਂ ਆਪਣੇ ਸਾਥੀ ਨੂੰ ਆਪਣੇ ਨੇੜੇ ਆਉਣ ਤੋਂ ਰੋਕਣ ਲਈ ਅਦਾਲਤ ਤੋਂ ਰੋਕ ਲਗਾਉਣ ਦੇ ਹੁਕਮ ਲਈ ਵੀ ਅਰਜ਼ੀ ਦੇ ਸਕਦੇ ਹੋ।